ਲੰਡਨ ’ਚ ਸਿੱਖ ਇੰਜਨੀਅਰ ਦਾ ਵੱਡਾ ਕਾਰਨਾਮਾ! ਹੁਣ ਬਿਜਲੀ, ਪਾਣੀ ਤੇ ਸਮੇਂ ਦੀ ਹੋਏਗੀ ਵੱਡੀ ਬੱਚਤ
ਛੇ ਕੁ ਵਰ੍ਹੇ ਪਹਿਲਾਂ ਸਾਲ 2015 ’ਚ ਵੀ ਨਵਜੋਤ ਸਿੰਘ ਸਾਹਨੀ ਕਾਫ਼ੀ ਚਰਚਿਤ ਹੋਏ ਸਨ, ਜਦੋਂ ਪੋਲੈਂਡ ’ਚ ਇੱਕ ਨਾਈਟ ਕਲੱਬ ਦੇ ਬਾਊਂਸਰ ਨੇ ਉਨ੍ਹਾਂ ਨੂੰ ‘ਦਹਿਸ਼ਤਗਰਦ’ ਆਖ ਕੇ ਉਨ੍ਹਾਂ ਦੇ ਘਸੁੰਨ ਜੜ ਦਿੱਤਾ ਸੀ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਇੰਗਲੈਂਡ ਦੀ ਰਾਜਧਾਨੀ ਲੰਡਨ ’ਚ ਪੈਦਾ ਹੋਏ ਪੰਜਾਬੀ ਮੂਲ ਦੇ ਇੰਜਨੀਅਰ ਨਵਜੋਤ ਸਿੰਘ ਸਾਹਨੀ ਨੇ ਸਸਤੀਆਂ ਮਸ਼ੀਨਾਂ ਬਣਾਈਆਂ ਹਨ। ਉਨ੍ਹਾਂ ਤਿੰਨ ਵਰ੍ਹੇ ਪਹਿਲਾਂ ਆਪਣਾ ਇਹ ਪ੍ਰੋਜੈਕਟ ਅਰੰਭਿਆ ਸੀ। ਇਹ ਮਸ਼ੀਨਾਂ ਬਿਜਲੀ ਦੀ ਨਾਮਾਤਰ ਖਪਤ ਕਰਦੀਆਂ ਹਨ। ਉਨ੍ਹਾਂ ਆਪਣੇ ਕੁਝ ਸਾਥੀਆਂ ਤੇ ਭਾਈਵਾਲਾਂ ਨਾਲ ਮਿਲ ਕੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ ਹੈ।
ਨਵਜੋਤ ਸਿੰਘ ਸਾਹਨੀ ਹੁਣ ਇਹ ਸਸਤੀਆਂ ਵਾਸ਼ਿੰਗ ਮਸ਼ੀਨਾਂ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਵੀ ਭੇਜਣ ਜਾ ਰਹੇ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਇਨ੍ਹਾਂ ਮਸ਼ੀਨਾਂ ਦੇ ਹਰਮਨਪਿਆਰੀਆਂ ਹੋਣ ਦੀ ਆਸ ਹੈ। ਹੁਣ ਇੰਜਨੀਅਰ ਸਾਹਨੀ ਨੇ ਹੁਣ ਕ੍ਰਾਊਡ-ਫ਼ੰਡਿੰਗ ਦੀ ਅਪੀਲ ਕਰਦਿਆ ਘੱਟੋ-ਘੱਟ 10,000 ਪੌਂਡ ਇਕੱਠੇ ਕਰਨ ਦਾ ਸੰਕਲਪ ਲਿਆ ਹੈ। ਸਾਹਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਿਕਸਤ ਕੀਤੀ ਗਈ ਵਾਸ਼ਿੰਗ ਮਸ਼ੀਨ ਆਫ਼ ਗ੍ਰਿੱਡ ਹੋਵੇਗੀ ਤੇ ਇਹ ਮੈਨੂਅਲ ਹੋਵੇਗੀ ਪਰ ਇਸ ਨਾਲ ਸਮੇਂ ਦੀ 60 ਤੋਂ 70 ਫ਼ੀਸਦੀ ਬੱਚਤ ਹੋਵੇਗੀ। ਇਸ ਨਾਲ 50% ਪਾਣੀ ਘੱਟ ਲੱਗੇਗਾ।
ਉਨ੍ਹਾਂ ਕਿਹਾ ਕਿ ਆਮ ਵਿਅਕਤੀ, ਖ਼ਾਸ ਕਰਕੇ ਇੱਕ ਘਰੇਲੂ ਸੁਆਣੀ ਦੇ ਮਨ ’ਤੇ ਕੱਪੜੇ ਧੋਣ ਦਾ ਬੜਾ ਬੋਝ ਰਹਿੰਦਾ ਹੈ। ਹੱਥੀਂ ਕੱਪੜੇ ਧੋਣ ’ਚ ਸਮਾਂ ਵੀ ਜ਼ਿਆਦਾ ਲੱਗਦਾ ਹੈ, ਪਾਣੀ ਵੀ। ਇਹ ਮਸ਼ੀਨ ਇਸ ਮਸਲੇ ਦਾ ਬਹੁਤ ਆਸਾਨ ਜਿਹਾ ਹੱਲ ਪੇਸ਼ ਕਰੇਗੀ। ਸਾਹਨੀ ਨੇ ਅੱਗੇ ਦੱਸਿਆ ਕਿ ਉਹ ਇੱਕ ਵਾਰ ਜਦੋਂ ਦੱਖਣੀ ਭਾਰਤ ਦੇ ਸੂਬੇ ਤਾਮਿਲਨਾਡੂ ਦੇ ਪਿੰਡ ਕੁਈਪਲਾਇਮ ਗਏ ਸਨ, ਤਦ ਉੱਥੇ ਨਾ ਤਾਂ ਠੀਕ ਤਰ੍ਹਾਂ ਬਿਜਲੀ ਆਉਂਦੀ ਸੀ ਤੇ ਨਾ ਹੀ ਉੱਥੇ ਪਾਣੀ ਦੀ ਵਧੀਆ ਸਹੂਲਤ ਸੀ। ਤਦ ਹੀ ਉਨ੍ਹਾਂ ਦੇ ਮਨ ’ਚ ਉਸ ਇਲਾਕੇ ਲਈ ਯੋਗ ਇੱਕ ਵਾਸ਼ਿੰਗ ਮਸ਼ੀਨ ਬਣਾਉਣ ਦਾ ਫੁਰਨਾ ਫੁਰਿਆ ਸੀ।
ਪੀਟੀਆਈ ਦੀ ਰਿਪੋਰਟ ਅਨੁਸਾਰ ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਾਹਨੀ ਹੁਰਾਂ ਨੇ ਆਪਣੀ ਇੱਕ ਵਾਸ਼ਿੰਗ ਮਸ਼ੀਨ ਵਿਕਸਤ ਕੀਤੀ, ਜਿਸ ਦਾ ਨਾਂਅ ਉਨ੍ਹਾ ‘ਦਿੱਵਯਾ 1.5’ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਸਾਦੇ ਜਿਹੇ ਸਲਾਦ ਸਪਿੰਨਰ ਤੋਂ ਪ੍ਰੇਰਿਤ ਹੈ। ਆਪਣੀਆਂ 30 ਮਸ਼ੀਨਾਂ ਉਨ੍ਹਾਂ ਇਰਾਕ ਦੇਸ਼ ਦੇ ਮਾਮਰਾਸ਼ਨ ਸ਼ਹਿਰ ’ਚ ਬਣੇ ਸ਼ਰਨਾਰਥੀਆਂ ਦੇ ਕੈਂਪ ਵਿੱਚ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੰਗੀ ਕੱਟਣ ਵਾਲੇ ਲੋਕਾਂ ਲਈ ਇਹ ਮਸ਼ੀਨ ਵਰਦਾਨ ਸਿੱਧ ਹੋਵੇਗੀ। ਛੇਤੀ ਹੀ ਉਹ ਇਹ ਮਸ਼ੀਨਾਂ ਭਾਰਤ, ਅਫ਼ਰੀਕਾ ਸਮੇਤ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਭੇਜਣਗੇ।
ਦੱਸ ਦੇਈਏ ਕਿ ਛੇ ਕੁ ਵਰ੍ਹੇ ਪਹਿਲਾਂ ਸਾਲ 2015 ’ਚ ਵੀ ਨਵਜੋਤ ਸਿੰਘ ਸਾਹਨੀ ਕਾਫ਼ੀ ਚਰਚਿਤ ਹੋਏ ਸਨ, ਜਦੋਂ ਪੋਲੈਂਡ ’ਚ ਇੱਕ ਨਾਈਟ ਕਲੱਬ ਦੇ ਬਾਊਂਸਰ ਨੇ ਉਨ੍ਹਾਂ ਨੂੰ ‘ਦਹਿਸ਼ਤਗਰਦ’ ਆਖ ਕੇ ਉਨ੍ਹਾਂ ਦੇ ਘਸੁੰਨ ਜੜ ਦਿੱਤਾ ਸੀ। ਉਦੋਂ ਵੀ ਪੂਰੀ ਦੁਨੀਆ ਦੇ ਆਮ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਸਟੈਂਡ ਲਿਆ ਸੀ। ਸਾਹਨੀ ਨੇ ਤਦ ਸਿਰਫ਼ ਆਪਣੇ ਫ਼ੇਸਬੁੱਕ ਅਕਾਊਂਟ ’ਤੇ ਹੀ ਆਪਣੇ ਨਾਲ ਵਾਪਰੀ ਘਟਨਾ ਬਿਆਨ ਕੀਤੀ ਸੀ ਤੇ ਤਦ ਪੂਰੀ ਦੁਨੀਆ ਉਨ੍ਹਾਂ ਨਾਲ ਆ ਖਲੋਤੀ ਸੀ।