ਇਸਲਾਮਾਬਾਦ: ਪਾਕਿਸਤਾਨ ‘ਚ ਸਿੱਖ ਕੁੜੀ ਦਾ ਧਰਮ ਬਦਲਣ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਧਰਮ ਬਦਲਣ ਲਈ ਅਗਵਾ ਕੀਤੀ ਸਿੱਖ ਕੁੜੀ ਨੂੰ ਪਰਿਵਾਰ ਦੇ ਹਵਾਲੇ ਕਰਨ ‘ਤੇ ਪਾਕਿਸਤਾਨ ਨੇ ਝੂਠੀ ਖ਼ਬਰ ਦਿੱਤੀ ਹੈ। ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਕੁੜੀ ਪਰਿਵਾਰ ਨੂੰ ਵਾਪਸ ਸੌਂਪੀ ਨਹੀ ਗਈ ਸਗੋਂ ਉਸ ਨੂੰ ਦੂਰ ਤੋਂ ਹੀ ਦਿਖਾਇਆ ਗਿਆ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਪਾਕਿਸਤਾਨ ਨੇ ਕੁੜੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕਿਹਾ, 'ਇਹ ਪਾਕਿਸਤਾਨ ਦਾ ਪ੍ਰੋਪਗੈਂਡਾ ਸਸ਼ੀਨਰੀ ਦਾ ਝੂਠ ਹੈ। ਜਗਜੀਤ ਕੌਰ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਧੀ ਨੂੰ ਗਵਰਨਰ ਹਾਊਸ ‘ਚ ਦੂਰ ਤੋਂ ਦਿਖਾਇਆ ਗਿਆ ਸੀ। ਪਾਕਿਸਤਾਨ ਨੇ ਝੂਠੀਆਂ ਖ਼ਬਰਾਂ ਫੈਲਾਈਆਂ, ਤਾਂ ਜੋ ਸਿੱਖ ਲਾਹੌਰ ‘ਚ ਹੋਣ ਵਾਲੇ ਸਿੱਖ ਸੰਮੇਲਨ ਦੌਰਾਨ ਵਿਰੋਧ ਪ੍ਰਦਰਸ਼ਨ ਨਾ ਕਰਨ। ਕੁੜੀ ਅਜੇ ਤਕ ਆਪਣੇ ਮਾਂ-ਪਿਓ ਕੋਲ ਨਹੀ ਪਰਤੀ।'


ਦੱਸ ਦੇਈਏ ਕਿ ਪਾਕਿਸਤਾਨ ‘ਚ 19 ਸਾਲਾਂ ਇੱਕ ਸਿੱਖ ਕੁੜੀ ਨੂੰ ਅਗਵਾ ਕੀਤਾ ਗਿਆ ਤੇ ਦੇਸ਼ ਦੇ ਪੰਜਾਬ ਖੇਤਰ ‘ਚ ਇੱਕ ਮੁਸਲਿਮ ਵਿਅਕਤੀ ਨੇ ਉਸ ਨਾਲ ਨਿਕਾਹ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰਵਾਇਆ। ਨਨਕਾਣਾ ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਮੁਹਮੰਦ ਜਮੀਲ ਨੇ ਦੱਸਿਆ ਕਿ ਇਸ ਮਾਮਲੇ ‘ਚ ਸ਼ਿਕਾਇਤ ਦਰਜ ਕਰ ਲਈ ਹਈ ਹੈ। ਜਿਨ੍ਹਾਂ ਚੋਂ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੁੜੀ ਦੇ ਵਕੀਲ ਨੇ ਅਦਾਲਤ ‘ਚ ਆਪਣੇ ਬਿਆਨ ‘ਚ ਕਿਹਾ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਨਾਇਆ ਹੈ ਅਤੇ ਵਿਆਹ ਕੀਤਾ। ਉਧਰ ਇੱਕ ਵੀਡੀਓ ‘ਚ ਕੁੜੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਸ ਦਾ ਧਰਮ ਬਦਲਾਅ ਜਬਰਨ ਕਰਵਾਇਆ ਗਿਆ ਹੈ। ਜਿਸ ਸਬੰਧੀ ਉਨ੍ਹਾਂ ਨੇ ਪਾਕਿ ਪੀਐਮ ਇਮਰਾਨ ਖ਼ਾਨ ਤੋਂ ਮਦਦ ਮੰਗੀ ਹੈ।