ਵਾਸ਼ਿੰਗਟਨ  : ਅਮਰੀਕਾ ਵਿਚ 14 ਸਾਲਾ ਇਕ ਸਿੱਖ ਵਿਦਿਆਰਥੀ ਦੀ ਉਸ ਦੇ ਹੀ ਜਮਾਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਵਿਦਿਆਰਥੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੈ। ਉਨ੍ਹਾਂ ਦੇ ਪੁੱਤਰ ਦੇ ਨਾਲ ਇਸ ਲਈ ਮਾਰਕੁੱਟ ਕੀਤੀ ਗਈ ਕਿਉਂਕਿ ਉਹ ਭਾਰਤੀ ਮੂਲ ਦਾ ਹੈ।


ਵਾਸ਼ਿੰਗਟਨ ਦੇ ਕੈਂਟਰਿਜ ਹਾਈ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਪਿਛਲੇ ਹਫ਼ਤੇ ਮਾਰਕੁੱਟ ਕੀਤੀ ਗਈ। ਘਟਨਾ ਸਕੂਲ ਦੇ ਨੇੜੇ ਵਾਪਰੀ। ਘਟਨਾ ਦੇ ਬਾਅਦ ਬੱਚੇ ਦੇ ਪਰਿਵਾਰਕ ਮੈਂਬਰਾਂ ਵਿਚ ਰੋਸ ਹੈ। ਉਸ ਦੇ ਪਿਤਾ ਨੇ ਦਾਅਵਾ ਕੀਤਾ ਹੈ ਕਿ ਹਮਲਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੇ ਬੇਟੇ ਨੇ ਦਸਤਾਰ ਸਜਾਈ ਹੋਈ ਸੀ। ਕਿਸੇ ਨੇ ਇਸ ਹਮਲੇ ਦੀ ਵੀਡੀਓ ਬਣਾ ਕੇ ਸਨੈਪਚੈਟ 'ਤੇ ਪੋਸਟ ਕਰ ਦਿੱਤਾ। ਵੀਡੀਓ ਵਿਚ ਦਿੱਖ ਰਿਹਾ ਹੈ ਕਿ ਪਹਿਲੇ ਹਮਲਾਵਰ ਵਿਦਿਆਰਥੀਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਮੌਕਾ ਮਿਲਦਿਆਂ ਹੀ ਮਾਰਕੁੱਟ ਕੀਤੀ। ਅਚਾਨਕ ਹੋਏ ਇਸ ਹਮਲੇ ਨਾਲ ਵਿਦਿਆਰਥੀ ਜ਼ਮੀਨ 'ਤੇ ਡਿੱਗ ਗਿਆ। ਵੀਡੀਓ ਵਿਚ ਵਿਦਿਆਰਥੀ ਆਪਣਾ ਸਿਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਚੀਕ ਰਿਹਾ ਵਿਖਾਈ ਦੇ ਰਿਹਾ ਹੈ। ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਤਿੱਖੀ ਪ੍ਰਤੀਿਯਆ ਪ੍ਰਗਟ ਕਰਦੇ ਹੋਏ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

ਸਕੂਲ ਨੇ ਹਾਲਾਂਕਿ ਘਟਨਾ ਨੂੰ ਨਫ਼ਰਤੀ ਜਾਂ ਨਸਲਵਾਦ ਤੋਂ ਪ੍ਰੇਰਿਤ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਕੂਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਬੱਚਿਆਂ ਵਿਚਕਾਰ ਜਮਾਤ ਵਿਚ ਹੋਈ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਜਿਨ੍ਹਾਂ ਬੱਚਿਆਂ ਨੇ ਹਮਲਾ ਕੀਤਾ ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਵੱਲੋਂ ਉਚਿਤ ਸਜ਼ਾ ਦਿੱਤੀ ਜਾਵੇਗੀ। ਦੂਜੇ ਪਾਸੇ ਪੀੜਤ ਵਿਦਿਆਰਥੀ ਦੇ ਪਿਤਾ ਨੇ ਆਪਣੀ ਪਛਾਣ ਦੱਸੇ ਬਿਨਾਂ ਕਿਹਾ ਕਿ ਮੇਰਾ ਬੇਟਾ ਹਮਲਾਵਰਾਂ ਨੂੰ ਨਹੀਂ ਜਾਣਦਾ। ਮੈਂ ਕਿਸੇ ਵੀ ਬੱਚੇ ਦੇ ਨਾਲ ਅਜਿਹਾ ਹੁੰਦਾ ਨਹੀਂ ਵੇਖਣਾ ਚਾਹੁੰਦਾ। ਦੱਸਣਯੋਗ ਹੈ ਕਿ ਛੇ ਮਹੀਨੇ ਪਹਿਲੇ ਇਸੇ ਇਲਾਕੇ ਵਿਚ ਕਿਸੇ ਨੇ 39 ਸਾਲਾ ਇਕ ਸਿੱਖ ਵਿਅਕਤੀ ਨੂੰ 'ਆਪਣੇ ਘਰ ਵਾਪਸ ਜਾਓ' ਕਹਿੰਦੇ ਹੋਏ ਗੋਲੀ ਮਾਰ ਦਿੱਤੀ ਸੀ।