ਨਵੀਂ ਦਿੱਲੀ: ਸਿੰਗਾਪੁਰ ਦੇ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਗਲੇ ਵਿੱਚ ਐਂਟੀ ਸੈਪਟਿਕ ਸਪ੍ਰੇਅ ਤੇ ਮਲੇਰੀਆ ਆਰਥਰਾਈਟਿਸ ਦੇ ਇਲਾਜ ਵਿੱਚ ਕੰਮ ਆਉਣ ਵਾਲੀਆਂ ਗੋਲੀਆਂ ਕੋਰੋਨਾ ਵਾਇਰਸ ਦੀ ਲਾਗ ਦੀ ਰੋਕਥਾਮ ਵਿੱਚ ਵੀ ਕਾਰਗਰ ਸਿੱਧ ਹੋ ਸਕਦੀਆਂ ਹਨ। ‘ਨਿਊਜ਼ ਏਸ਼ੀਆ’ ਦੀ ਰਿਪੋਰਟ ਅਨੁਸਾਰ ਸਿੰਗਾਪੁਰ ਦੇ ਖੋਜਕਾਰਾਂ ਨੇ ਇਸ ਨੂੰ ਲੈ ਕੇ 3,000 ਤੋਂ ਵੀ ਜ਼ਿਆਦਾ ਪ੍ਰਵਾਸੀ ਕਾਮਿਆਂ ਉੱਤੇ ਕਲੀਨੀਕਲ ਪ੍ਰੀਖਣ ਕੀਤਾ ਸੀ।


3,000 ਤੋਂ ਵੱਧ ਲੋਕਾਂ ਉੱਤੇ 6 ਹਫ਼ਤੇ ਚੱਲਿਆ ਪ੍ਰੀਖਣ


6 ਹਫ਼ਤਿਆਂ ਤੱਕ ਕੀਤੇ ਗਏ ਇਸ ਪ੍ਰੀਖਣ ਵਿੱਚ ਕਰਮਚਾਰੀਆਂ ਨੂੰ Providone-Iodine ਥ੍ਰੋਟ ਸਪੇਅ ਦਿੱਤਾ ਗਿਅ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਨਾਲ ਉਨ੍ਹਾਂ ਨੂੰ Oral Hydroxychloroquine ਦਿੱਤੀ ਗਈ। ਖੋਜਕਾਰਾਂ ਨੇ ਇਨ੍ਹਾਂ ਦੋਵਾਂ ਨੂੰ ਹੀ ਕੋਰੋਨਾ ਵਾਇਰਸ ਦੀ ਲਾਗ ਘਟਾਉਣ ਵਿੱਚ ਕਾਫ਼ੀ ਲਾਹੇਵੰਦ ਪਾਇਆ।


ਮੈਡੀਕਲ ਜਰਨਲ ’ਚ ਸ਼ਾਮਲ ਕੀਤੇ ਗਏ ਖੋਜ ਦੇ ਨਤੀਜੇ


ਇਸ ਖੋਜ ਦੇ ਮੁਖੀ ਤੇ ਨੈਸ਼ਨਲ ਯੂਨੀਵਰਸਿਟੀ ਹਸਪਤਾਲ ਦੇ ਐਸੋਸੀਏਟ ਪ੍ਰੋਫ਼ੈਸਰ ਰੇਅਮੰਡ ਸੀਟ ਨੈਸ਼ਨਲ ਯੂਨੀਵਰਸਿਟੀ ਹੈਲਥ ਸਿਸਟਮ ਵਿੱਚ ਆਪਣੀ ਖੋਜ ਸਬੰਧੀ ਪੇਸ਼ਕਾਰੀ ਦੇ ਰਹੇ ਸਨ। ਉਨ੍ਹਾਂ ਨਾਲ ਸਹਿ ਜਾਂਚਕਾਰ ਪ੍ਰੋਫ਼ੈਸਰ ਪੌਲ ਟਮਬਾਹ, ਐਸੋਸੀਏਟ ਪ੍ਰੋਫ਼ੈਸਰ ਮਿਕੇਲ ਹਾਰਟਮੈਨ, ਐਸੋਸੀਏਟ ਪ੍ਰੋਫ਼ੈਸਰ ਅਲੈਕਸ ਕੁੱਕ ਤੇ ਸਹਾਇਕ ਪ੍ਰੋਫ਼ੈਸਰ ਐਮੀ ਕਿਯੁਕ ਮੌਜੂਦ ਸਨ।


ਇਸ ਖੋਜ ਦੇ ਨਤੀਜੇ ਮੈਡੀਕਲ ਜਰਨਲ International Journal of Infectious Diseases ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਪ੍ਰੀਖਣ ਵਿੱਚ 3,037 ਲੋਕਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਸ਼ਾਮਲ ਕੀਤਾ ਗਿਆ ਸੀ।


ਆਸਾਨੀ ਨਾਲ ਉਪਲਬਧ ਹੋ ਜਾਂਦੀਆਂ ਹਨ ਦੋਵੇਂ ਦਵਾਈਆਂ


ਇਹ ਪਹਿਲਾ ਅਧਿਐਨ ਹੈ, ਜਿਸ ਵਿੱਚ ਹਾਈਡ੍ਰੌਕਸੀਕਲੋਰੋਕੁੲਨ ਜਾਂ ਪ੍ਰੌਵੀਡੋਨ ਆਇਓਡੀਨ ਗਲੇ ਦੇ ਸਪ੍ਰੇਅ ਨੂੰ ਕੁਆਰੰਟੀਨ ’ਚ ਰਹਿਣ ਵਾਲੇ ਲੋਕਾਂ ਵਿੱਚ ਲਾਗ ਨਾਲ ਲੜਨ ਵਿੱਚ ਫ਼ਾਇਦੇਮੰਦ ਪਾਇਆ ਗਿਆ। ਡਾ. ਰੇਮੰਡ ਸੀਟ ਮੁਤਾਬਕ ਇਨ੍ਹਾਂ ਦੋਵੇਂ ਦਵਾਈਆਂ ਨੂੰ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਇਹ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਹ ਦੋਵੇਂ ਦਵਾਈਆਂ ਗਲੇ ਦੀ ਛੂਤ ਤੋਂ ਬਚਾਉਂਦੀਆਂ ਹਨ, ਜੋ ਵਾਇਰਸ ਦੇ ਸਰੀਰ ਅੰਦਰ ਦਾਖ਼ਲ ਹੋਣ ਦਾ ਰਾਹ ਹੈ।


ਪ੍ਰੀਖਣ ਤੋਂ ਪਹਿਲਾਂ ਬੁਖਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼ ਜਿਹੀਆਂ ਬੀਮਾਰੀਆਂ ਦੇ ਲੱਛਣਾਂ ਵਾਲੇ ਭਾਗੀਦਾਰਾਂ ਨੂੰ ਇਸ ਅਧਿਐਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ।