ਲੰਡਨ- ਬ੍ਰਿਟੇਨ ਸਰਕਾਰ ਦੀਆਂ ‘ਨਾਜਾਇਜ਼ ਤੇ ਅਣ-ਮਨੁੱਖੀ’ ਵੀਜ਼ਾ ਨੀਤੀਆਂ ਖ਼ਿਲਾਫ਼ ਭਾਰਤੀ ਮਾਹਿਰਾਂ ਨੇ ਹੋਰ ਹੁਨਰਮੰਦ ਲੋਕਾਂ ਨੇ ਡਾਊਨਿੰਗ ਸਟਰੀਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਹੈ। ਉੱਚ ਹੁਨਰ ਵਾਲੇ ਪਰਵਾਸੀਆਂ ਦੇ ਗਰੁੱਪ, ਜਿਨ੍ਹਾਂ ਵਿੱਚ 600 ਤੋਂ ਵਧ ਡਾਕਟਰ, ਇੰਜੀਨੀਅਰ, ਆਈ ਟੀ ਮਾਹਰ, ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਹਨ, ਨੇ ਬ੍ਰਿਟੇਨ ਗ੍ਰਹਿ ਵਿਭਾਗ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਲਈ 25 ਹਜ਼ਾਰ ਪੌਂਡ ਤੋਂ ਵੱਧ ਇਕੱਠੇ ਕੀਤੇ ਹਨ।
ਇੰਮੀਗਰੇਸ਼ਨ ਐਕਟ ਦੇ ਆਧਾਰ ਉੱਤੇ ਬ੍ਰਿਟੇਨ ਗ੍ਰਹਿ ਵਿਭਾਗ ਨੇ ਉਨ੍ਹਾਂ ਮਾਹਰ ਲੋਕਾ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਾਂ ਉਨ੍ਹਾਂ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਹ ਐਕਟ ਅਪਰਾਧੀਆਂ ਤੇ ਟੈਕਸ ਚੋਰਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਇਆ ਗਿਆ ਹੈ। ਮਾਹਿਰਾਂ ਨੇ ਇਸੇ ਮੁੱਦੇ ਉੱਤੇ ਕੇਂਦਰਤ ਕਰਕੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਜਿਹੜੇ ਮਾਹਰ ਟਿਅਰ-1 (ਜਨਰਲ) ਵੀਜ਼ੇ ਹੇਠ ਦੇਸ਼ ਵਿੱਚ ਕਈ ਸਾਲ ਪਹਿਲਾਂ ਆਏ ਸਨ, ਉਹ ਪੰਜ ਸਾਲਾਂ ਪਿੱਛੋਂ ਇਸ ਲਈ ਅਰਜ਼ੀ ਦੇ ਸਕਦੇ ਹਨ ਪਰ ਭਾਰਤੀ ਆਈ ਟੀ ਮਾਹਿਰਾਂ ਨੂੰ 2010 ਵਿੱਚ ਅਜਿਹੇ ਵੀਜ਼ੇ ਮਿਲਣੇ ਬੰਦ ਹੋ ਗਏ ਸਨ।
ਯੂਰੋਪੀਅਨ ਯੂਨੀਅਨ ਤੋਂ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੇ ਕਿਹਾ ਕਿ ਹੁਣ ਇੰਨੇ ਸਮੇਂ ਮਗਰੋਂ ਉਨ੍ਹਾਂ ਦੇ ਆਪਣੇ ਦੇਸ਼ਾਂ ਨਾਲ ਸਬੰਧ ਨਹੀਂ ਰਹੇ, ਜਿਸ ਕਰਕੇ ਉਹ ਕਿਸੇ ਥਾਂ ਦੇ ਨਹੀਂ ਰਹੇ। ਬ੍ਰਿਟੇਨ ਦੇ ਗ੍ਰਹਿ ਦਫ਼ਤਰ ਦਾ ਦਾਅਵਾ ਹੈ ਕਿ ਉਹ ਸਾਰੀਆਂ ਵੀਜ਼ਾ ਅਰਜ਼ੀਆਂ ਦਾ ਛੇਤੀ ਨਿਪਟਾਰਾ ਕਰਨਗੇ।