ਗੋਟਾਬਾਯਾ ਰਾਜਪਕਸ਼ੇ ਹੀ ਬਣੇ ਰਹਿਣਗੇ ਸ੍ਰੀਲੰਕਾ ਦੇ ਰਾਸ਼ਟਰਪਤੀ, ਸੰਸਦ 'ਚ ਵਿਰੋਧੀ ਪਾਰਟੀਆਂ ਦਾ ਬੇਭਰੋਸਗੀ ਮਤਾ ਖਾਰਜ


ਕੋਲੰਬੋ: ਸ੍ਰੀਲੰਕਾ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਡੇਗ ਦਿੱਤਾ ਤੇ ਹੁਣ ਇਹ ਫ਼ੈਸਲਾ ਲਿਆ ਗਿਆ ਹੈ ਕਿ ਗੋਟਾਬਾਯਾ ਰਾਜਪਕਸ਼ੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਹਾਲਾਂਕਿ ਦੇਸ਼ ਭਰ ਵਿੱਚ ਰਾਸ਼ਟਰਪਤੀ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ ਪਰ ਸ੍ਰੀਲੰਕਾ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਦੀ ਕੁਰਸੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀਲੰਕਾ 'ਚ ਰਾਸ਼ਟਰਪਤੀ ਖਿਲਾਫ ਬੇਭਰੋਸਗੀ ਮਤੇ 'ਤੇ ਅਹਿਮ ਸੈਸ਼ਨ ਬੁਲਾਇਆ ਗਿਆ ਸੀ।

 ਰਾਸ਼ਟਰਪਤੀ ਬਣੇ ਰਹਿਣਗੇ ਰਾਜਪਕਸ਼ੇ  
ਸ਼੍ਰੀਲੰਕਾ 'ਚ ਗੰਭੀਰ ਆਰਥਿਕ ਸੰਕਟ ਦੇ ਮੱਦੇਨਜ਼ਰ ਰਾਸ਼ਟਰਪਤੀ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਸੰਸਦ ਦਾ ਇਕ ਦਿਨਾ ਸੈਸ਼ਨ ਬੁਲਾਇਆ ਗਿਆ ਸੀ। ਨਵੇਂ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਨਿਯੁਕਤੀ ਤੋਂ ਬਾਅਦ ਸ਼੍ਰੀਲੰਕਾ ਦੀ ਸੰਸਦ ਦਾ ਇਹ ਪਹਿਲਾ ਸੈਸ਼ਨ ਸੀ। ਸੰਸਦ ਦਾ ਸੈਸ਼ਨ ਸ਼੍ਰੀਲੰਕਾ ਦੇ ਪੋਦੁਜਾਨਾ ਪੇਰਾਮੁਨਾ ਦੇ ਸੰਸਦ ਮੈਂਬਰ ਅਮਰਕੀਰਥੀ ਅਥੁਕੋਰਲਾ ਦੀ ਮੌਤ 'ਤੇ ਸੋਗ ਦੇ ਨਾਲ ਸ਼ੁਰੂ ਹੋਇਆ, ਜੋ ਪਿਛਲੇ ਹਫਤੇ ਦੇਸ਼ ਵਿੱਚ ਸਰਕਾਰ ਵਿਰੋਧੀ ਅਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਦੌਰਾਨ ਮਾਰੇ ਗਏ ਸੀ। ਓਥੇ ਹੀ ਮੰਗਲਵਾਰ ਦੇ ਸੈਸ਼ਨ ਵਿੱਚ ਮੁੱਖ ਕੰਮ ਡਿਪਟੀ ਸਪੀਕਰ ਦੇ ਅਹੁਦੇ ਲਈ ਢੁਕਵੇਂ ਉਮੀਦਵਾਰ ਦੀ ਚੋਣ ਕਰਨਾ ਸੀ, ਜੋ ਰਣਜੀਤ ਸਿਮਬਲਪਤੀਆ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਿਆ ਸੀ।

 ਰਾਸ਼ਟਰਪਤੀ ਵਿਰੁੱਧ ਬੇਭਰੋਸਗੀ ਮਤਾ ਰੱਦ
ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਖਿਲਾਫ ਵਿਰੋਧੀ ਧਿਰ ਵਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਮੰਗਲਵਾਰ ਨੂੰ ਸੰਸਦ 'ਚ ਫੇਲ ਹੋ ਗਿਆ। ਵਿਰੋਧੀ ਤਮਿਲ ਨੈਸ਼ਨਲ ਅਲਾਇੰਸ (ਟੀਐਨਏ) ਦੇ ਸੰਸਦ ਮੈਂਬਰ ਐਮਏ ਸੁਮੰਥੀਰਨ ਦੁਆਰਾ ਰਾਸ਼ਟਰਪਤੀ ਰਾਜਪਕਸ਼ੇ 'ਤੇ ਨਾਰਾਜ਼ਗੀ ਦੇ ਪ੍ਰਗਟਾਵੇ 'ਤੇ ਬਹਿਸ ਕਰਨ ਲਈ  ਸੰਸਦ ਦੇ ਸਥਾਈ ਆਦੇਸ਼ਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਗਿਆ ਸੀ।

ਹਾਲਾਂਕਿ ਸ਼੍ਰੀਲੰਕਾ ਦੀ ਸੰਸਦ 'ਚ ਹੋਈ ਵੋਟਿੰਗ ਦੌਰਾਨ 119 ਸੰਸਦ ਮੈਂਬਰਾਂ ਨੇ ਇਸ ਦੇ ਵਿਰੋਧ 'ਚ ਵੋਟਿੰਗ ਕੀਤੀ, ਜਦਕਿ ਮਤੇ ਦੇ ਪੱਖ 'ਚ ਸਿਰਫ 68 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ। ਜਿਸ ਤੋਂ ਬਾਅਦ ਰਾਸ਼ਟਰਪਤੀ ਖਿਲਾਫ ਲਿਆਂਦਾ ਬੇਭਰੋਸਗੀ ਮਤਾ ਡਿੱਗ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਸਤਾਵ ਦੇ ਨਾਲ ਵਿਰੋਧੀ ਧਿਰ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਰਾਸ਼ਟਰਪਤੀ ਰਾਜਪਕਸ਼ੇ ਦੇ ਅਸਤੀਫੇ ਦੀ ਦੇਸ਼ ਵਿਆਪੀ ਮੰਗ ਦੇਸ਼ ਦੀ ਵਿਧਾਨ ਸਭਾ ਵਿੱਚ ਕਿਵੇਂ ਪ੍ਰਤੀਬਿੰਬਤ ਹੁੰਦੀ ਹੈ।

 ਰਾਜਪਕਸ਼ੇ ਪਰਿਵਾਰ ਕੋਲ ਰਹੇਗੀ ਸੱਤਾ
ਸ਼੍ਰੀਲੰਕਾ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਸਭ ਤੋਂ ਵੱਡਾ ਏਜੰਡਾ ਰਾਜਪਕਸ਼ੇ ਪਰਿਵਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਹੈ ਅਤੇ ਭਾਰੀ ਜਨਤਕ ਵਿਰੋਧ ਤੋਂ ਬਾਅਦ ਗੋਤਾਬਾਯਾ ਰਾਜਪਕਸ਼ੇ ਦੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੇ ਅਸਤੀਫਾ ਦੇ ਦਿੱਤਾ, ਜੋ ਹੁਣ ਆਪਣੇ ਪਰਿਵਾਰ ਨਾਲ ਆਪਣੀ ਜਾਨ ਬਚਾ ਕੇ ਸ਼੍ਰੀਲੰਕਾ ਸੈਨਾ ਦੇ ਨੇਵਲ ਬੇਸ ਵਿੱਚ  ਛਿਪੇ ਹੋਏ ਹਨ।

ਉੱਥੇ ਹੀ ਰਾਜਪਕਸ਼ੇ ਪਰਿਵਾਰ ਦਾ ਵਿਚਕਾਰਲਾ ਭਰਾ ਅਜੇ ਵੀ ਸੱਤਾ 'ਚ ਹੈ ਅਤੇ ਗੋਟਾਬਾਯਾ ਰਾਜਪਕਸ਼ੇ ਅਜੇ ਵੀ ਦੇਸ਼ ਦੇ ਰਾਸ਼ਟਰਪਤੀ ਬਣੇ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਵਿੱਚ ਲੋਕਾਂ ਦਾ ਵਿਆਪਕ ਪ੍ਰਦਰਸ਼ਨ ਹੋਣ ਤੱਕ ਰਾਜਪਕਸ਼ੇ ਪਰਿਵਾਰ ਦੇ ਸੱਤ ਮੈਂਬਰ ਸ਼੍ਰੀਲੰਕਾ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਸਨ। ਜਿਸ ਵਿੱਚ ਪ੍ਰਧਾਨ ਮੰਤਰੀ, ਵਿੱਤ ਮੰਤਰੀ, ਗ੍ਰਹਿ ਮੰਤਰੀ, ਮਨੁੱਖੀ ਸਰੋਤ ਅਤੇ ਖੇਡ ਮੰਤਰਾਲਾ ਰਾਜਪਕਸ਼ੇ ਪਰਿਵਾਰ ਦੇ ਕੋਲ ਹੀ ਸੀ। ਇਸ ਦੇ ਨਾਲ ਹੀ ਗੁੱਸੇ 'ਚ ਆਏ ਲੋਕਾਂ ਨੇ ਰਾਜਪਕਸ਼ੇ ਪਰਿਵਾਰ ਦੇ ਜੱਦੀ ਘਰ ਨੂੰ ਅੱਗ ਲਗਾ ਦਿੱਤੀ।