ਓਟਵਾ: ਕੈਨੇਡਾ ਜਾਣ ਵਾਲਿਆਂ ਨੂੰ ਮੁੜ ਝਟਕਾ ਲੱਗ ਸਕਦਾ ਹੈ। ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰਨ ਦਾ ਸੰਕੇਤ ਮਿਲਿਆ ਹੈ। ਇਹ ਸਖਤੀ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਜਾ ਸਕਦੀ ਹੈ। ਇਸ ਲਈ ਕੈਨੇਡਾ ਸਰਕਾਰ ਵੱਲ਼ੋਂ ਕੌਮਾਂਤਰੀ ਯਾਤਰਾ ਸਬੰਧੀ ਪਾਬੰਦੀਆਂ ਨੂੰ ਸਖ਼ਤ ਕਰਨ ਦੇ ਨਾਲ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਹੋ ਸਕਦੇ ਹਨ।
ਹਾਸਲ ਵੇਰਵਿਆਂ ਮੁਤਾਬਕ ਕੈਨੇਡਾ ਆਉਣ ਵਾਲੇ ਸਾਰੇ ਗ਼ੈਰ-ਜ਼ਰੂਰੀ ਯਾਤਰੀਆਂ ਉੱਤੇ ਰੋਕ ਲੱਗ ਸਕਦੀ ਹੈ। ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬੀਆਂ ਉੱਪਰ ਵੀ ਪਵੇਗਾ ਕਿਉਂਕਿ ਵੱਡੀ ਗਿਣਤੀ ਪੰਜਾਬੀ ਕੈਨੇਡਾ ਰਹਿੰਦੇ ਹਨ। ਇਸ ਤੋਂ ਇਲਾਵਾ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਜਾਂ ਦੇ ਪ੍ਰੀਮੀਅਰ ਇਸ ਮੁੱਦੇ ਉਤੇ ਗੱਲਬਾਤ ਕਰ ਚੁੱਕੇ ਹਨ ਪਰ ਹਾਲੇ ਤੱਕ ਫ਼ੈਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨਵੇਂ ਚੁੱਕੇ ਜਾਣ ਵਾਲੇ ਕਦਮਾਂ ਵਿਚ ਲਾਜ਼ਮੀ ਇਕਾਂਤਵਾਸ ਤੇ ਟੈਸਟਿੰਗ ਦੀ ਸ਼ਰਤ ਹੋ ਸਕਦੀ ਹੈ। ਇਹ ਸ਼ਰਤ ਕੈਨੇਡੀਅਨ ਨਾਗਰਿਕਾਂ ਤੇ ਮੁਲਕ ਵਿੱਚ ਪੱਕੀ ਰਿਹਾਇਸ਼ (ਪੀਆਰ) ਹਾਸਲ ਕਰਨ ਵਾਲਿਆਂ ਉੱਤੇ ਵੀ ਲਾਗੂ ਹੋ ਸਕਦੀ ਹੈ।
ਅਫ਼ਰੀਕਾ ਦੇ ਦਸ ਮੁਲਕਾਂ ਦੀ ਹਾਲ ਹੀ ਵਿਚ ਯਾਤਰਾ ਕਰਨ ਵਾਲਿਆਂ ਉਤੇ ਕੈਨੇਡਾ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ। ਓਮੀਕਰੋਨ ਜੋ ਸਿਹਤ ਅਧਿਕਾਰੀਆਂ ਮੁਤਾਬਕ ਡੈਲਟਾ ਸਰੂਪ ਨਾਲੋਂ ਵੱਧ ਤੇਜ਼ੀ ਨਾਲ ਫੈਲਦਾ ਹੈ, ਕੈਨੇਡਾ ਦੇ ਕਈ ਖੇਤਰਾਂ ਵਿਚ ਫੈਲਣਾ ਸ਼ੁਰੂ ਹੋ ਗਿਆ ਹੈ। ਟਰੂਡੋ ਤੇ ਦਸ ਪ੍ਰੀਮੀਅਰਾਂ ਵਿਚਾਲੇ ਹੋਈ ਗੱਲਬਾਤ ਵਿਚ ‘ਬੂਸਟਰ ਸ਼ਾਟ’ ਤੇਜ਼ੀ ਨਾਲ ਦੇਣ ਉੱਤੇ ਸਹਿਮਤੀ ਬਣੀ ਹੈ।
ਇਹ ਵੀ ਪੜ੍ਹੋ: Punjab Farmer leaders: ਕਿਸਾਨ ਅਗਲੇ ਮੋਰਚੇ ਲਈ ਤਿਆਰ-ਬਰ-ਤਿਆਰ, ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin