ਸਸਕੈਚਵਿਨ: ਕੈਨੇਡਾ ਦੇ ਹੰਬੋਲਟ ਬਰੌਂਕਸ ਬੱਸ ਕਰੈਸ਼ ਮਾਮਲੇ ਦੀ ਸੁਣਵਾਈ ਦੌਰਾਨ ਮੈਲਫੋਰਟ ਅਦਾਲਤ ਨੇ ਪੀੜਤ ਪਰਿਵਾਰਾਂ ਦੇ ਬਿਆਨ ਸੁਣੇ। ਸਰਕਾਰੀ ਵਕੀਲ ਥਾਮਸ ਹੀਲੀ ਨੇ ਮਾਮਲੇ ਵਿੱਚ ਕੈਲਗਰੀ ਦੇ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੀੜਤ ਪੱਖ ਸਿੱਧੂ ’ਤੇ 10 ਸਾਲ ਲਈ ਡਰਾਈਵਿੰਗ ’ਤੇ ਵੀ ਪਬੰਦੀ ਲਾਉਣ ਦੀ ਮੰਗ ਕੀਤੀ ਹੈ।


ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਜਸਕੀਰਤ ਸਿੰਘ ਸਿੱਧੂ ਨੇ ਖ਼ਤਰਨਾਕ ਡਰਾਈਵਿੰਗ ਦੇ 29 ਇਲਜ਼ਾਮਾਂ ਵਿੱਚ ਪਹਿਲਾਂ ਹੀ ਦੋਸ਼ ਕਬੂਲ ਲਏ ਹਨ। ਬੀਤੇ ਦਿਨ ਸੁਣਵਾਈ ਦੌਰਾਨ ਸਿੱਧੂ ਨੇ ਭਰੇ ਮਨ ਨਾਲ ਪੀੜਤਾਂ ਤੋਂ ਆਪਣੇ ਗੁਨਾਹ ਲਈ ਮਾਫ਼ੀ ਮੰਗੀ। ਅਦਾਲਤ ਨੂੰ ਦੱਸਿਆ ਗਿਆ ਹੈ ਕਿ ਸਿੱਧੂ ਇੱਕ 'ਸਟੌਪ' ਦੇ ਨਿਸ਼ਾਨ ਨੂੰ ਟੱਪ ਕੇ ਸੜਕ ਵਿੱਚ ਦਾਖ਼ਲ ਹੋ ਗਿਆ। ਇਸ ਕਾਰਨ ਜੂਨੀਅਰ ਹਾਕੀ ਟੀਮ ਵਾਲੀ ਬੱਸ ਟਰੱਕ ਨਾਲ ਟਕਰਾ ਗਈ ਸੀ। ਇਸ ਦੌਰਾਨ ਭਿਆਨਕ ਹਾਦਸਾ ਵਾਪਰਿਆ।

ਘਟਨਾ ਵਿੱਚ 16 ਲੋਕ ਮਾਰੇ ਗਏ ਸੀ ਤੇ 13 ਜ਼ਖ਼ਮੀ ਹੋਏ ਸੀ। ਖ਼ਤਰਨਾਕ ਡਰਾਈਵਿੰਗ, ਜਿਸ ਕਾਰਨ ਕਿਸੇ ਦੀ ਮੌਤ ਹੋ ਗਈ ਹੋਵੇ, ਦੇ ਮਾਮਲੇ ਵਿਚ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਜੇ ਖ਼ਤਰਨਾਕ ਡਰਾਈਵਿੰਗ ਨਾਲ ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚਿਆ ਹੋਵੇ ਤਾਂ ਇਸ ਮਾਮਲੇ ਵਿੱਚ 10 ਸਾਲ ਦੀ ਸਜ਼ਾ ਹੋ ਸਕਦੀ ਹੈ।