ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਜ਼ਰੀਏ ਐਲਾਨ ਕੀਤਾ ਕਿ ਵਿਸ਼ਵ ਸ਼ਾਂਤੀ ਲਈ ਉਹ ਪਹਿਲੀ ਵਾਰ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੌਂਗ ਨੂੰ ਮਿਲਣਗੇ। ਇਹ ਮੁਲਾਕਾਤ ਆਗਾਮੀ 12 ਜੂਨ ਨੂੰ ਸਿੰਗਾਪੁਰ ਵਿੱਚ ਹੋਵੇਗੀ। ਮੁਲਾਕਾਤ ਵਿੱਚ ਕੋਰੀਆਈ ਦੀਪ ’ਚ ਪਰਮਾਣੂ ਹਥਿਆਰਾਂ ਦਾ ਪਾਬੰਧੀ ਬਾਰੇ ਚਰਚਾ ਕੀਤੀ ਜਾਵੇਗੀ।
ਆਪਣੇ ਟਵੀਟ ਵਿੱਚ ਰਾਸ਼ਟਰਪਤੀ ਟਰੰਪ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਹ ਦੋਵੇਂ ਵਿਸ਼ਵ ਸ਼ਾਂਤੀ ਲਈ ਇਸ ਮੁਲਾਕਾਤ ਨੂੰ ਬੇਹੱਦ ਖ਼ਾਸ ਪਲ ਬਣਾਉਣ ਦਾ ਯਤਨ ਕਰਨਗੇ। ਇਸ ਤੋਂ ਪਹਿਲਾਂ ਉੱਤਰ ਕੋਰੀਆ ਵੱਲੋਂ ਰਿਹਾਅ ਕਰਨ ਬਾਅਦ ਦੱਖਣ ਕੋਰੀਆ ਮੂਲ ਦੇ 3 ਅਮਰੀਕੀ ਨਾਗਰਿਕ ਵਾਪਸ ਮੁੜ ਆਏ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਇਸ ਮੁਲਾਕਾਤ ਦੇ ਸੰਕੇਤ ਮਾਰਚ ਵਿੱਚ ਹੀ ਦੇ ਦਿੱਤੇ ਸਨ। ਇਸ ਦੇ ਨਾਲ ਹੀ ਦੋਵਾਂ ਵਿਚਾਲੇ ਇਤਿਹਾਸਿਕ ਸ਼ਿਖਰ ਸੰਮੇਲਨ ਦੇ ਮੰਚ ਤਿਆਰ ਹੋ ਗਿਆ ਹੈ। ਹਾਲਾਂਕਿ ਕੁਝ ਮਹੀਨੇ ਪਹਿਲੇ ਹੀ ਦੋਵੇਂ ਲੀਡਰ ਇੱਕ ਦੂਜੇ ਨੂੰ ਪਰਮਾਣੂ ਹਥਿਆਰਾਂ ਦੀ ਧਮਕੀ ਦੇ ਰਹੇ ਸਨ ਪਰ ਹੁਣ ਉਨ੍ਹਾਂ ਦੀ ਹੋਣ ਵਾਲੀ ਇਹ ਮੁਲਾਕਾਤ ਵਿਸ਼ਵ ਸ਼ਾਂਤੀ ਲਈ ਵੱਡਾ ਕਦਮ ਸਾਬਿਤ ਹੋ ਸਕਦੀ ਹੈ।