ਵਾਸ਼ਿੰਗਟਨ: ਅਮਰੀਕਾ ਨੇ ਭਾਰਤ ’ਤੇ ਕਣਕ ਤੇ ਚੌਲ ਦੇ ਘੱਟੋ-ਘੱਟ ਸਮਰਥਨ ਮੁੱਲ ਦੀਆਂ ਗਲਤ ਰਿਪੋਰਟਾਂ ਪੇਸ਼ ਕਰਨ ਦਾ ਇਲਜ਼ਾਮ ਲਾਉਂਦਿਆਂ ਵਿਸ਼ਵ ਵਪਾਰ ਸੰਗਠਨ (WTO) ਕੋਲ਼ ਸ਼ਿਕਾਇਤ ਦਰਜ ਕਰਵਾਈ ਹੈ। ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰੌਬਰਟ ਲਾਈਥੀਜ਼ਰ ਤੇ ਖੇਤੀਬਾੜੀ ਸਕੱਤਰ ਸੋਨੀ ਪਰਡੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਣਕ ਤੇ ਚੌਲ ਲਈ ਭਾਰਤ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਅਮਰੀਕਾ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਖੇਤੀਬਾੜੀ ਬਾਰੇ ਕਮੇਟੀ (COA) ਨੂੰ ਜਵਾਬੀ ਨੋਟੀਫਿਕੇਸ਼ਨ ਦਿੱਤਾ ਹੈ।


 

ਇਹ ਨੋਟੀਫਿਕੇਸ਼ਨ 4 ਮਈ ਨੂੰ ਲਿਖਿਆ ਗਿਆ। WTO ਵਿੱਚ ਖੇਤੀਬਾੜੀ ਸਮਝੌਤੇ ਸਬੰਧੀ ਕਿਸੇ ਹੋਰ ਦੇਸ਼ ਦੇ ਮਾਪਦੰਡਾਂ ਖ਼ਿਲਾਫ਼ ਇਹ ਪਹਿਲਾ CAO ਨੋਟੀਫਿਕੇਸ਼ਨ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕੀ ਗਣਨਾ ਦੇ ਆਧਾਰ ’ਤੇ ਕਿਹਾ ਕਿ ਇਹ ਭਾਰਤ ਦੀਆਂ ਕਣਕ ਤੇ ਚੌਲ਼ਾਂ ਦੇ ਮੁੱਲ ਤੈਅ ਕਰਨ ਵਿੱਚ ਬੇਨਿਯਮੀਆਂ ਨੂੰ ਬਿਆਨ ਕਰਦਾ ਹੈ।

ਅਮਰੀਕਾ ਦੇ ਵਪਾਰ ਪ੍ਰਤੀਨਿਧੀਆਂ ਵੱਲੋਂ ਜਾਰੀ ਬਿਆਨ ਮੁਤਾਬਕ ਭਾਰਤ ਦੇ ਕਣਕ ਤੇ ਚੌਲ ਦਾ ਸਮਰਥਨ ਮੁੱਲ WTO ਸਮਝੌਤੇ ਮੁਤਾਬਕ ਮਿੱਥੇ ਗਏ ਕਣਕ ਤੇ ਚਾਵਲ ਦੇ ਸਮਰਥਨ ਮੁੱਲ ਤੋਂ ਕਿਤੇ ਵੱਧ ਹੈ। ਜਾਣਕਾਰੀ ਮੁਤਾਬਕ ਜੂਨ, 2018 ਵਿੱਚ ਹੋਣ ਵਾਲੀ COA ਮੀਟਿੰਗ ਵਿੱਚ ਭਾਰਤ ਵੱਲੋਂ ਵਿਸ਼ਵ ਵਪਾਰ ਸੰਗਠਨ ਦੇ ਮਾਪਦੰਡਾਂ ਤੋਂ ਉਲਟ ਲਾਗੂ ਕੀਤੇ ਕਣਕ ਤੇ ਚੌਲ ਦੇ ਸਮਰਥਨ ਮੁੱਲ ਬਾਰੇ ਚਰਚਾ ਕੀਤੀ ਜਾਵੇਗੀ।

ਪਰਡੂ ਨੇ ਕਿਹਾ ਕਿ ਅਮਰੀਕੀ ਕਿਸਾਨ ਆਲਮੀ ਪੱਧਰ ’ਤੇ ਸਭ ਤੋਂ ਵੱਧ ਪੈਦਾਵਾਰ ਕਰਦੇ ਹਨ ਤੇ ਵੱਡੇ ਮੁਕਾਬਲੇਬਾਜ਼ ਵੀ ਹਨ ਤੇ ਕੌਮਾਂਤਰੀ ਬਾਜਾਰ ਵਿੱਚ ਉਹ ਹਮੇਸ਼ਾ ਵਧੀਆ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਡੇ ਬਾਜ਼ਾਰ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਉਹ ਭਾਰਤ ਵਿੱਚ ਅਮਰੀਕੀ ਉਤਪਾਦਾਂ ਦੀ ਪਹੁੰਚ ਵੀ ਚਾਹੁੰਦੇ ਹਨ ਪਰ ਭਾਰਤ ਨੂੰ ਵੀ ਆਪਣੀ ਕਾਰਵਾਈ ਵਿੱਚ ਪਾਰਦਰਸ਼ੀ ਹੋਣਾ ਚਾਹੀਦਾ ਹੈ। ਆਜ਼ਾਦ ਤੇ ਨਿਰਪੱਖ ਵਪਾਰ ਲਈ ਸਾਰੀਆਂ ਪਾਰਟੀਆਂ ਨੂੰ WTO ਦੇ ਵਚਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ।