ਵਾਸ਼ਿੰਗਟਨ: ਉੱਤਰ ਕੋਰੀਆ ਤੇ ਅਮਰੀਕਾ ਦਰਮਿਆਨ ਸ਼ਬਦੀ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ। ਕੋਰੀਆਈ ਤਾਨਾਸ਼ਾਹ ਦੀ ਤਾਜ਼ਾ ਧਮਕੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ੍ਹਾਂ ਦੇ ਮੁਕਾਬਲੇ ਨਾ ਸਿਰਫ 'ਜ਼ਿਆਦਾ ਵੱਡਾ ਤੇ ਤਾਕਤਵਰ' ਹੈ ਬਲਕਿ ਉਹ ਕੰਮ ਵੀ ਕਰਦਾ ਹੈ।



ਟਰੰਪ ਨੇ ਇੱਕ ਟਵੀਟ ਵਿੱਚ ਕਿਹਾ, "ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਦਾ ਕਹਿਣਾ ਹੈ ਕਿ ਪਰਮਾਣੂ ਹਥਿਆਰ ਦਾ ਬਟਨ ਹਰ ਸਮੇਂ ਉਨ੍ਹਾਂ ਦੇ ਡੈਸਕ 'ਤੇ ਰਹਿੰਦਾ ਹੈ। ਕੀ ਲਾਚਾਰੀ ਤੇ ਭੁਖਮਰੀ ਨਾਲ ਜੂਝ ਰਹੀ ਉਨ੍ਹਾਂ ਦੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹ ਦੱਸੇਗਾ ਕਿ ਮੇਰੇ ਕੋਲ ਵੀ ਪਰਮਾਣੂ ਹਥਿਆਰ ਦਾ ਬਟਨ ਹੈ, ਜੋ ਕਿ ਉਨ੍ਹਾਂ ਦੇ ਬਟਨ ਤੋਂ ਕਿਤੇ ਵੱਡਾ ਤੇ ਤਾਕਤਵਰ ਹੈ ਤੇ ਮੇਰਾ ਬਟਨ ਕੰਮ ਵੀ ਕਰਦਾ ਹੈ।"

ਅਮਰੀਕਾ ਨੂੰ ਦਿੱਤੀ ਤਾਜ਼ਾ ਧਮਕੀ ਵਿੱਚ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਸੀ ਕਿ ਅਮਰੀਕਾ ਦੇ ਮੇਨਲੈਂਡ ਦਾ ਪੂਰਾ ਖੇਤਰ ਹੁਣ ਉੱਤਰ ਕੋਰੀਆ ਦੇ ਪਰਮਾਣੂ ਹਮਲੇ ਦੀ ਮਾਰ ਹੇਠ ਆਉਂਦਾ ਹੈ ਤੇ ਇਸ ਦਾ ਬਟਨ ਹਰ ਸਮੇਂ ਉਨ੍ਹਾਂ ਦੇ ਟੇਬਲ 'ਤੇ ਮੌਜੂਦ ਰਹਿੰਦਾ ਹੈ।

ਇਸੇ ਦਰਮਿਆਨ ਵ੍ਹਾਈਟ ਹਾਊਸ ਨੇ ਉੱਤਰ ਕੋਰੀਆ ਨੂੰ ਆਲਮੀ ਖ਼ਤਰਾ ਦੱਸਿਆ ਤੇ ਹੋਰਨਾਂ ਦੇਸ਼ਾਂ ਨੂੰ ਵੀ ਉਸ 'ਤੇ ਦਬਾਅ ਬਣਾਉਣ ਦੀ ਅਪੀਲ ਕੀਤੀ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਇੱਥੇ ਉਨ੍ਹਾਂ ਦਾ ਪੂਰਾ ਧਿਆਨ ਉੱਤਰ ਕੋਰੀਆ 'ਤੇ ਵੱਧ ਤੋਂ ਵੱਧ ਦਬਾਅ ਬਣਾਇਆ ਜਾਵੇ ਤੇ ਅਮਰੀਕਾ ਚਾਹੁੰਦਾ ਹੈ ਕਿ ਇਸ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣ।

ਸੈਂਡਰਸ ਨੇ ਕਿਹਾ ਕਿ ਅਮਰੀਕਾ ਕੋਲ ਹੋਰ ਵੀ ਕਈ ਵਿਕਲਪ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉੱਤਰ ਕੋਰੀਆ ਇੱਕ ਆਲਮੀ ਖ਼ਤਰਾ ਹੈ ਤੇ ਅਸੀਂ ਹੋਰ ਸਖ਼ਤ ਕਦਮ ਚੁੱਕਣ ਦੀ ਅਪੀਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵੱਖ-ਵੱਖ ਨੇਤਾਵਾਂ ਤੇ ਹੋਰਨਾਂ ਦੇਸ਼ਾਂ ਦੀ ਮਦਦ ਕਰਨਾ ਜਾਰੀ ਰੱਖਾਂਗੇ।

ਦੂਜੇ ਪਾਸੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਨਾਲ ਸਬੰਧ ਸੁਧਾਰਨ ਦੀ ਗੱਲ ਕਹੀ ਹੈ ਤੇ ਕਿਹਾ ਹੈ ਕਿ ਦੱਖਣੀ ਕੋਰੀਆ ਵਿੱਚ ਇਸੇ ਸਾਲ ਹੋਣ ਵਾਲੀਆਂ ਸਰਦ ਰੁੱਤ ਦੀ ਓਲੰਪਿਕ ਖੇਡਾਂ ਵਿੱਚ ਉੱਤਰ ਕੋਰੀਆ ਭਾਗ ਲੈ ਸਕਦਾ ਹੈ।