ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਈ 'ਦਿ ਐਂਪਾਇਰ ਸਟੇਟ ਬਿਲਡਿੰਗ' ਦੀ ਤਸਵੀਰ ਕਰੀਬ 10.4 ਲੱਖ ਰੁਪਏ 'ਚ ਨਿਲਾਮ ਹੋਈ ਹੈ। ਇਸ ਨੂੰ ਕਾਲੇ ਮਾਰਕਰ ਨਾਲ ਬਣਾਇਆ ਗਿਆ ਸੀ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਜੂਲੀਅਨ ਆਕਸ਼ਨ ਹਾਊਸ ਮੁਤਾਬਿਕ ਤਸਵੀਰ 12 ਇੰਚ ਲੰਬੀ ਤੇ ਨੌਂ ਇੰਚ ਚੌੜੀ ਸੀ।
ਟਰੰਪ ਨੇ ਇਹ ਤਸਵੀਰ 1994 'ਚ ਫਲੋਰੀਡਾ ਵਿਖੇ ਮਾਰ-ਅ-ਲਾਗੋ ਰਿਸੋਰਟ 'ਚ ਚੈਰਿਟੀ ਪ੫ੋਗਰਾਮ 'ਚ ਬਣਾਈ ਸੀ। ਉਸ ਵੇਲੇ ਪਹਿਲੀ ਵਾਰ ਇਹ 1000 ਡਾਲਰ ਤੋਂ ਵੀ ਘੱਟ ਕੀਮਤ 'ਚ ਨਿਲਾਮ ਹੋਈ ਸੀ। ਤਸਵੀਰ 'ਤੇ ਟਰੰਪ ਦੇ ਹਸਤਾਖ਼ਰ ਵੀ ਹਨ। ਰਾਸ਼ਟਰਪਤੀ ਟਰੰਪ ਨੇ ਅਜਿਹੀ ਤਸਵੀਰ ਪਹਿਲੀ ਵਾਰ ਨਹੀਂ ਬਣਾਈ ਹੈ।
ਇਸੇ ਸਾਲ ਜੁਲਾਈ 'ਚ ਉਨ੍ਹਾਂ ਏਨੇ ਹੀ ਆਕਾਰ ਦੀ 'ਮੈਨਹੈੱਟਨ ਸਕਾਈਲਾਈਨ' ਦੀ ਤਸਵੀਰ ਬਣਾਈ ਸੀ ਜੋ ਕਰੀਬ 18.87 ਲੱਖ ਰੁਪਏ 'ਚ ਨਿਲਾਮ ਹੋਈ। ਟਰੰਪ ਨੇ ਉਦੋਂ ਵੀ ਤਸਵੀਰਾਂ ਬਣਾਈਆਂ ਸਨ, ਜਦੋਂ ਉਹ ਪੂਰੀ ਤਰ੍ਹਾਂ ਕਾਰੋਬਾਰੀ ਜਗਤ 'ਚ ਮਸਰੂਫ ਸਨ। ਵੈਸੇ ਹਾਲੇ ਤਕ ਤਸਵੀਰ ਦੇ ਖ਼ਰੀਦਾਰ ਦੀ ਪਛਾਣ ਨਹੀਂ ਹੋ ਸਕੀ ਹੈ।