ਵਾਸ਼ਿੰਗਟਨ: ਅਮਰੀਕਾ ਦੀਆਂ ਖੁਫੀਆ ਸੂਚਨਾਵਾਂ ਲੀਕ ਕਰਨ ਵਾਲੀ ਵਿਕੀਲੀਕਸ ਦੀ ਸਾਈਟ ਨੇ ਆਪਣੇ ਟਵਿਟਰ ਅਕਾਉਂਟ ਉੱਤੇ ਪਾਏ ਇਕ ਲੇਖ ਵਿੱਚ ਭਾਰਤ ਦਾ ਡਾਟਾ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਇਹ ਦਾਅਵਾ ਰੱਦ ਕਰ ਦਿੱਤਾ ਹੈ।
ਵਿਕੀਲੀਕਸ ਨੇ ਭਾਰਤ ਦੇ ਆਧਾਰ ਕਾਰਡ ਨਾਲ ਜੁੜਿਆ ਇਕ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਕੁਝ ਰਿਪੋਰਟ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਧਾਰ ਕਾਰਨ ਦੀਆਂ ਜਾਣਕਾਰੀਆਂ ਵਿੱਚ ਸੰਨ੍ਹ ਲਾਈ ਜਾ ਰਹੀ ਹੈ।

ਇਸ ਸਾਈਟ ਦੇ ਖੁਲਾਸੇ ਮੁਤਾਬਕ ਅਮਰੀਕਾ ਦੀ ਸੀ ਆਈ ਏ (ਸੈਂਟਰਲ ਇੰਟੈਲੀਜੈਂਸ ਏਜੰਸੀ) ਨੇ ਇਸ ਸਾਈਬਰ ਜਾਸੂਸੀ ਲਈ ਆਪਣੇ ਦੇਸ਼ ਦੀ ਟੈਕਨਾਲੋਜੀ ਪ੍ਰੋਵਾਈਡਰ ਕੰਪਨੀ ਕ੍ਰਾਸ ਮੈਚ ਟੈਕਨਾਲੋਜੀ ਵਲੋਂ ਤਿਆਰ ਟੂਲ ਡਿਵਾਈਸ ਰਾਹੀਂ ਆਧਾਰ ਡਾਟਾ ਚੋਰੀ ਕੀਤਾ ਹੈ।
ਅਮਰੀਕਾ ਦੇ ਅਧਿਕਾਰਤ ਸੂਤਰਾਂ ਨੇ ਇਹ ਦਾਅਵਾ ਸਿਰਿਓਂ ਰੱਦ ਕਰ ਦਿੱਤਾ ਹੈ। ਵਿਕੀਲੀਕਸ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਪਾਏ ਲੇਖ ਵਿੱ ਡਾਟਾ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਹੈ।

ਇਸ ਟਵੀਟ ਲੇਖ ਦੇ ਮੁਤਾਬਕ ਇਸ ਸਾਈਬਰ ਜਾਸੂਸੀ ਲਈ ਟੈਕਨਾਲੋਜੀ ਖੋਜਣ ਵਾਲੀ ਕ੍ਰਾਸ ਮੈਚ ਉਹੀ ਅਮਰੀਕੀ ਕੰਪਨੀ ਹੈ, ਜਿਹੜੀ ਆਧਾਰ ਕਾਰਡ ਦੀ ਰੈਗੂਲੇਟਰੀ ਬਾਡੀ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ ਆਈ ਡੀ ਏ ਆਈ) ਨੂੰ ਬਾਇਓਮੈਟ੍ਰਿਕ ਟੈਕਨਾਲੋਜੀ ਹਾਸਲ ਕਰਵਾਉਂਦੀ ਹੈ ਅਤੇ ਇਸੇ ਕੰਪਨੀ ਨੇ ਲੱਖਾਂ ਭਾਰਤੀਆਂ ਦੇ ਆਧਾਰ ਕਾਰਡ ਲਈ ਡਾਟਾਬੇਸ ਇਕੱਠਾ ਕੀਤਾ ਸੀ। ਟਵੀਟ ਵਿੱਚ ਲਿਖਿਆ ਹੈ ਕਿ ਸੀ ਆਈ ਏ ਦੇ ਜਾਸੂਸ ਭਾਰਤ ਦੇ ਰਾਸ਼ਟਰੀ ਪਛਾਣ ਡਾਟਾਬੇਸ ਨੂੰ ਚੋਰੀ ਕਰ ਚੁੱਕੇ ਹਨ? ਇਕ ਹੋਰ ਟਵੀਟ ਵਿੱਚ ਲਿਖਿਆ ਕਿ ਸੀ ਆਈ ਏ ਨੇ ਭਾਰਤ ਦਾ ਆਧਾਰ ਡਾਟਾਬੇਸ ਚੋਰੀ ਕਰ ਲਿਆ ਹੈ।