ਲੰਦਨ: ਚੀਨ ਦੇ ਹਮਲਾਵਰ ਰਵੱਈਏ ਦਾ ਜਵਾਬ ਦੇਣ ਲਈ ਬ੍ਰਿਟੇਨ ਨੇ ਆਪਣਾ ਸਭ ਤੋਂ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਹਿੰਦ-ਪ੍ਰਸ਼ਾਂਤ ਖੇਤਰ ਲਈ ਰਵਾਨਾ ਕਰ ਦਿੱਤਾ ਹੈ। ਏਅਰਕ੍ਰਾਫ਼ਟ ਕੈਰੀਅਰ ਐਚਐਮਐਸ ਮਹਾਰਾਣੀ ਐਲੀਜ਼ਾਬੇਥ ਦੇ ਬੇੜੇ 'ਚ 9 ਜੰਗੀ ਬੇੜੇ ਵੀ ਸ਼ਾਮਲ ਹਨ। 32 ਜਹਾਜ਼ਾਂ ਨਾਲ ਇਸ 'ਤੇ 3700 ਸਮੁੰਦਰੀ ਫ਼ੌਜੀ ਤਾਇਨਾਤ ਹਨ। ਇਹ ਸ਼ਕਤੀਸ਼ਾਲੀ ਬੇੜਾ ਸ਼ਨਿੱਚਰਵਾਰ ਨੂੰ ਬ੍ਰਿਟੇਨ ਤੋਂ ਰਵਾਨਾ ਕਰ ਦਿੱਤਾ ਗਿਆ ਸੀ। ਇਹ ਸਮੁੰਦਰ 'ਚ 7 ਮਹੀਨਿਆਂ ਦੀ ਤਾਇਨਾਤੀ ਦੇ ਦੌਰਾਨ ਭੂਮੱਧ ਸਾਗਰ ਤੇ ਇੰਡੋ-ਪ੍ਰਸ਼ਾਂਤ ਖੇਤਰ 'ਚ ਗਸ਼ਤ ਕਰੇਗਾ।
ਐਚਐਮਐਸ ਮਹਾਰਾਣੀ ਐਲੀਜ਼ਾਬੇਥ (HMS Queen Elizabeth) ਆਪਣੇ 40 ਤੋਂ ਵੱਧ ਭਾਈਵਾਲ ਦੇਸ਼ਾਂ ਦੇ ਸੰਪਰਕ 'ਚ ਰਹੇਗਾ। ਉਸ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ਨਾਲ 70 ਤੋਂ ਵੱਧ ਜੰਗੀ ਅਭਿਆਸ ਕੀਤੇ ਜਾਣਗੇ। ਇਸ ਦੌਰਾਨ ਇਹ 2600 ਸਮੁੰਦਰੀ ਮੀਲ ਦੀ ਯਾਤਰਾ ਕਰੇਗਾ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਇਹ ਸਮੁੰਦਰੀ ਬੇੜਾ (HMS Queen Elizabeth) ਦੇਸ਼ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਜੋੜੇਗਾ। ਜ਼ਿਕਰਯੋਗ ਹੈ ਕਿ ਚੀਨ ਨੇ ਸਮੁੰਦਰੀ ਖੇਤਰ 'ਚ ਕਈ ਥਾਵਾਂ 'ਤੇ ਆਪਣਾ ਦਾਅਵਾ ਕਰਦੇ ਹੋਏ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਜਾਪਾਨੀ ਫ਼ੌਜਾਂ (Japan's Self-Defense Forces) ਨੇ ਵੀ ਚੀਨ ਨੂੰ ਦੂਰ-ਦਰਾਜ ਦੇ ਟਾਪੂਆਂ 'ਤੇ ਕਬਜ਼ਾ ਕਰਨ ਤੋਂ ਰੋਕਣ ਲਈ ਫ਼ੌਜੀ ਅਭਿਆਸ ਕੀਤਾ ਸੀ। ਜਾਪਾਨ ਨੇ ਇਹ ਅਭਿਆਸ ਸਿਜ਼ੂਕਾ ਦੇ ਈਸਟ ਫੂਜੀ ਸਿਖਲਾਈ ਖੇਤਰ 'ਚ ਕੀਤਾ। ਦਰਅਸਲ ਚੀਨ ਜਾਪਾਨ ਦੇ ਅਧਿਕਾਰ ਵਾਲੇ ਸੇਨਕਾਕੂ ਟਾਪੂਆਂ 'ਤੇ ਦਾਅਵਾ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਜਾਪਾਨ ਇਸ ਨੂੰ ਬਚਾਉਣ ਲਈ ਆਪਣੀ ਸਮਰੱਥਾ ਵਧਾ ਰਿਹਾ ਹੈ।
ਜਾਪਾਨ ਟਾਈਮਜ਼ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਦੋ ਘੰਟੇ ਚਲੇ ਅਭਿਆਸ 'ਚ 3100 ਜਾਪਾਨੀ ਫ਼ੌਜੀ, 45 ਟੈਂਕ ਅਤੇ ਬਖਤਰਬੰਦ ਗੱਡੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਜਾਪਾਨੀ ਲੜਾਕੂ ਹੈਲੀਕਾਪਟਰਾਂ ਨੇ ਵੀ ਇਸ ਫ਼ੌਜੀ ਅਭਿਆਸ 'ਚ ਹਿੱਸਾ ਲਿਆ। ਜੰਗੀ ਅਭਿਆਸ ਦਾ ਯੂਟਿਊਬ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਪਿਛਲੇ ਦਿਨੀਂ ਚੀਨ ਨੇ ਜਾਪਾਨ ਦੇ ਕਬਜ਼ੇ ਵਾਲੇ ਸੇਨਕਾਕੂ ਆਈਲੈਂਡ ਦਾ ਲੈਂਡਸਕੇਪ ਸਰਵੇ ਜਾਰੀ ਕੀਤਾ ਸੀ। ਚੀਨ ਸੇਨਕਾਕੂ ਆਈਲੈਂਡ ਨੂੰ ਆਪਣਾ ਦਿਆਓਯੂ ਟਾਪੂ ਦੱਸਦਾ ਹੈ