ਲੰਦਨ: ਪੰਜਾਬ ਦੀ ਜੇਲ੍ਹ ਵਿੱਚ ਕਤਲ ਦੇ ਸ਼ੱਕੀ ਵਜੋਂ ਬੰਦ ਜੱਗੀ ਜੌਹਲ ਉੱਪਰ ਪੁਲਿਸ ਦੇ ਕਥਿਤ ਤਸ਼ੱਦਦ ਬਾਰੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਕੋਲ ਪਹੁੰਚ ਕੀਤੀ ਹੈ। ਸਕੌਟਲੈਂਡ ਦੇ ਡੰਬਾਰਟਨ ਵਿੱਚ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਨੂੰ ਪਿਛਲੇ ਸਾਲ ਨਵੰਬਰ ਵਿੱਚ ਪੰਜਾਬ ਪੁਲਿਸ ਨੇ ਫਿਰਕੂ ਹਿੰਸਕ ਘਟਨਾਵਾਂ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।


 

ਬਰਤਾਨਵੀ ਸਿੱਖਾਂ ਲਈ ਸਰਬ ਦਲ ਪਾਰਲੀਮਾਨੀ ਗਰੁੱਪ (ਏਪੀਪੀਜੀ) ਵੱਲੋਂ ਜੱਗੀ ਜੌਹਲ ਦੀ ਭਾਰਤ ਵਿੱਚ ਹਿਰਾਸਤ ਦੇ ਮੁੱਦੇ 'ਤੇ ਵਿਦੇਸ਼ ਸਕੱਤਰ ਬੋਰਿਸ ਜੌਨਸਨ ਦੇ ਸੰਸਦੀ ਬਿਆਨ ਦੀ ਮੰਗ ਕਰਦਿਆਂ ਯੂਕੇ ਦੇ 70 ਸੰਸਦ ਮੈਂਬਰਾਂ ਦੇ ਦਸਤਖ਼ਤ ਕਰਵਾ ਕੇ ਭੇਜੇ ਹਨ। ਏਪੀਪੀਜੀ ਦੀ ਚੇਅਰਪਰਸਨ ਤੇ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੋ ਜੁਲਾਈ ਨੂੰ ਲਿਖੇ ਆਪਣੇ ਪੱਤਰ ਵਿੱਚ ਦੱਸਿਆ ਹੈ ਕਿ ਜਗਤਾਰ ਦਾ ਕਹਿਣਾ ਹੈ ਕਿ ਉਸ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਦਾ ਤਸ਼ੱਦਦ ਝੱਲਣਾ ਪੈ ਰਿਹਾ ਹੈ।

ਇਹ ਵੀ ਦੱਸਿਆ ਗਿਆ ਹੈ ਕਿ ਜੱਗੀ ਮੁਤਾਬਕ ਉਸ ਨੂੰ ਰੋਜ਼ਾਨਾ ਕਈ-ਕਈ ਵਾਰ ਅਣਮਨੁੱਖੀ ਤਸ਼ੱਦਦ ਝੱਲਣਾ ਪੈਂਦਾ ਹੈ ਤੇ ਉਸ ਨੂੰ ਕੰਨਾਂ ਤੋਂ ਲੈ ਕੇ ਗੁਪਤ ਅੰਗਾਂ ਤਕ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜੱਗੀ ਨੇ ਦੱਸਿਆ ਕਿ ਉਸ ਨੂੰ ਕਿਸੇ ਅਣਜਾਣ ਥਾਂ 'ਤੇ ਲਿਜਾ ਕੇ ਗੋਲ਼ੀ ਮਾਰਨ ਦੇ ਡਰਾਵੇ ਵੀ ਦਿੱਤੇ ਜਾਂਦੇ ਹਨ। ਉਸ ਨੇ ਇਹ ਵੀ ਕਿਹਾ ਕਿ ਇੱਕ ਦਿਨ ਉਸ ਦੀ ਬੈਰਕ ਵਿੱਚ ਪੈਟਰੋਲ ਲਿਆਂਦਾ ਗਿਆ ਤੇ ਉਸ ਨੂੰ ਸਾੜਨ ਦੀ ਧਮਕੀ ਦਿੱਤੀ ਗਈ। ਉਕਤ ਸਭ ਬਿਆਨ ਕੀਤੇ ਤਸ਼ੱਦਦ ਬਾਰੇ ਸੰਸਦ ਮੈਂਬਰ ਨੇ ਬ੍ਰਿਟੇਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫ਼ਤਾਰੀ ਤੇ ਤਸ਼ੱਦਦ ਦੇ ਸਿਰਲੇਖ ਹੇਠ ਦਰਸਾਇਆ ਹੈ।

ਇਸ ਤੋਂ ਇਲਾਵਾ ਭਾਰਤੀ ਮੂਲ ਦੇ ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਲੇਬਰ ਪਾਰਟੀ ਦੇ ਸਾਥੀਆਂ ਸੀਮਾ ਮਲਹੋਤਰਾ, ਵੀਰੇਂਦਰ ਸ਼ਰਮਾ ਤੇ ਕੇਥ ਵਾਜ਼ ਵੱਲੋਂ ਦਸਤਖ਼ਤ ਕੀਤੇ ਪੱਤਰ ਵੀ ਨਾਲ ਨੱਥੀ ਹਨ। ਇਨ੍ਹਾਂ ਸਾਰੇ ਸਿਆਸਤਦਾਨਾਂ ਨੇ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ ਉੱਪਰ ਆਪਣੇ ਸਾਰੇ ਕੂਟਨੀਤਕ ਹੱਥਕੰਡੇ ਅਪਣਾ ਕੇ ਕਾਨੂੰਨ ਦੀ ਪਾਲਣਾ ਕਰਨ ਦਾ ਦਬਾਅ ਪਾਇਆ ਜਾਵੇ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਬਤਾ ਕਰਨ ਨਾਲ ਕੋਈ ਸਫ਼ਲਤਾ ਨਹੀਂ ਮਿਲਣੀ, ਇਸ ਲਈ ਸਿੱਧਾ ਭਾਰਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

ਇਸ ਤੋਂ ਪਹਿਲਾਂ ਭਾਰਤ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰੀਜੀਜੂ ਦੇ ਯੂਕੇ ਫੇਰੀ ਦੌਰਾਨ ਜੱਗੀ ਜੌਹਲ ਦੇ ਮਸਲੇ ਨੂੰ ਮੰਤਰੀ ਪੱਧਰ 'ਤੇ ਚੁੱਕਿਆ ਗਿਆ ਸੀ, ਪਰ ਹਾਲੇ ਤਕ ਉਹ ਵਿਚਾਰ ਅਧੀਨ ਹੈ। ਜੱਗੀ ਜੌਹਲ ਬਰਤਾਨੀਆ ਵਿੱਚ ਪੈਦਾ ਹੋਇਆ ਭਾਰਤੀ ਮੂਲ ਦਾ ਸਿੱਖ ਨੌਜਵਾਨ ਹੈ, ਜੋ ਬੀਤੇ ਸਾਲ ਅਕਤੂਬਰ ਮਹੀਨੇ ਦੌਰਾਨ ਜਲੰਧਰ ਵਿੱਚ ਆਪਣੇ ਪਰਿਵਾਰ ਸੰਗ ਆਪਣੇ ਵਿਆਹ ਲਈ ਆਇਆ ਹੋਇਆ ਸੀ। ਉਸ ਨੂੰ ਜਲੰਧਰ ਤੋਂ ਪੁਲਿਸ ਨੇ ਪੰਜਾਬ ਵਿੱਚ ਹੋਏ ਹਿੰਦੂ ਨੇਤਾਵਾਂ ਦੇ ਕਤਲ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।