ਮਾਨਸਾ: ਰੂਸ ਤੇ ਯੂਕਰੇਨ ਵਿਚਾਲੇ ਇਨ੍ਹੀਂ ਦਿਨੀਂ ਯੁੱਧ ਚੱਲ ਰਿਹਾ ਹੈ ਜਿਸ ਨਾਲ ਯੂਕਰੇਨ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਭਾਰਤ ਵਿੱਚੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਵਿਦਿਆਰਥੀ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਉਨ੍ਹਾਂ ਦੇ ਮਾਤਾ ਪਿਤਾ ਚਿੰਤਤ ਹਨ, ਉੱਥੇ ਹੀ ਭਾਰਤ ਸਰਕਾਰ ਵੱਲੋਂ ਸੈਂਕੜੇ ਵਿਦਿਆਰਥੀਆਂ ਦੀ ਵਤਨ ਵਾਪਸੀ ਕਰਵਾ ਦਿੱਤੀ ਹੈ ਪਰ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ।
ਇਸ ਦੌਰਾਨ ਮਾਨਸਾ ਦੀ ਵਿਦਿਆਰਥਣ ਮਨਜਿੰਦਰ ਕੌਰ ਆਪਣੇ ਘਰ ਪਹੁੰਚੀ ਤੇ ਉਸ ਨੇ ਭਾਰਤ ਦੀ ਅੰਬੈਸੀ 'ਤੇ ਵੀ ਸਵਾਲ ਚੁੱਕੇ ਹਨ। ਮਨਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਯੂਕਰੇਨ ਤੋਂ ਭਾਰਤ ਲਿਆਉਣ ਲਈ ਉਨ੍ਹਾਂ ਨੂੰ ਕੋਈ ਵੀ ਉਪਰਾਲਾ ਨਹੀਂ ਕੀਤਾ ਗਿਆ, ਸਗੋਂ ਉਹ ਆਪਣੀ ਜੱਦੋ ਜਹਿਦ ਨਾਲ ਭਾਰਤ ਪਹੁੰਚੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅੰਬੈਸੀ ਦਾ ਵਿਦਿਆਰਥੀਆਂ ਨਾਲ ਤਾਲਮੇਲ ਹੁੰਦਾ ਤਾਂ ਉਨ੍ਹਾਂ ਨੂੰ ਇੰਨੇ ਦਿਨ ਬੰਕਰਾਂ ਵਿੱਚ ਰਹਿ ਕੇ ਸਮਾਂ ਨਹੀਂ ਬਿਤਾਉਣਾ ਪੈਣਾ ਸੀ ਤੇ ਉਹ ਜਲਦ ਹੀ ਭਾਰਤ ਪਹੁੰਚ ਸਕਦੀਆਂ ਸੀ ਪਰ ਭਾਰਤ ਦੀ ਅੰਬੈਸੀ ਨੇ ਕੋਈ ਵੀ ਯੋਗ ਉਪਰਾਲਾ ਨਹੀਂ ਕੀਤਾ।
ਮਨਜਿੰਦਰ ਕੌਰ ਨੇ ਦੱਸਿਆ ਕਿ ਉਹ ਯੂਕਰੇਨ ਦੇ ਖ਼ਾਰਕੀਵ ਤੋਂ ਪੈਦਲ ਚੱਲ ਕੇ ਬਾਰਡਰ ਤੱਕ ਪਹੁੰਚੀਆਂ ਜਿੱਥੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਮੁੰਬਈ ਲਿਆ ਕੇ ਛੱਡਿਆ ਗਿਆ ਤੇ ਉਸ ਤੋਂ ਬਾਅਦ ਉਹ ਆਪਣੇ ਖਰਚੇ ਤੇ ਖੁਦ ਆਪਣੇ ਘਰ ਪਹੁੰਚੀਆਂ ਹਨ। ਮਨਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਨੇ ਯੂਕਰੇਨ-ਰੂਸ ਦੀ ਲੜਾਈ ਅੱਖੀਂ ਦੇਖੀ ਹੈ ਜਿਸ ਦੌਰਾਨ ਕਾਫੀ ਕੁਝ ਦਿਲ ਵਿੱਚ ਸਮਾ ਗਿਆ ਹੈ। ਉਹ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਈ ਸੀ ਪਰ ਲੜਾਈ ਕਾਰਨ ਉਸ ਨੂੰ ਵਤਨ ਵਾਪਸੀ ਕਰਨੀ ਪਈ ਹੈ ਤੇ ਉਸ ਦੀ ਪੜ੍ਹਾਈ ਵੀ ਵਿਚਕਾਰ ਹੀ ਰਹਿ ਗਈ। ਉਸ ਨੇ ਭਾਰਤ ਸਰਕਾਰ ਨੂੰ ਰਹਿੰਦੀ ਪੜ੍ਹਾਈ ਪੂਰੀ ਕਰਵਾਉਣ ਦੀ ਵੀ ਅਪੀਲ ਕੀਤੀ ਹੈ।
ਮਨਜਿੰਦਰ ਕੌਰ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਯੂਕਰੇਨ ਵਿੱਚ ਐਮਬੀਬੀਐਸ ਦੀ ਪੜ੍ਹਾਈ ਕਰਨ ਗਈ ਸੀ ਪਰ ਰੂਸ ਤੇ ਯੂਕਰੇਨ ਦੇ ਯੁੱਧ ਕਾਰਨ ਉਨ੍ਹਾਂ ਦੀ ਪੜ੍ਹਾਈ ਵਿਚਕਾਰ ਹੀ ਰਹਿ ਗਈ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਵਤਨ ਵਾਪਸੀ ਕਰਵਾਉਣ ਲਈ ਇੱਥੋਂ ਦੇ ਪ੍ਰਸ਼ਾਸਨ ਤੇ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਪਰ ਸਰਕਾਰ ਦਾ ਕੋਈ ਵੀ ਅਹਿਮ ਰੋਲ ਨਹੀਂ ਰਿਹਾ। ਇਸ ਕਾਰਨ ਉਨ੍ਹਾਂ ਦੇ ਬੱਚੇ ਖੁਦ ਜੱਦੋਜਹਿਦ ਕਰਕੇ ਵਤਨ ਪਹੁੰਚੇ ਹਨ।
ਉਨ੍ਹਾਂ ਨੇ ਮੀਡੀਆ ਦਾ ਵੀ ਧੰਨਵਾਦ ਕੀਤਾ ਜਿਸ ਦੇ ਚੱਲਦੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਵੱਲੋਂ ਖ਼ਬਰਾਂ ਨਸ਼ਰ ਕੀਤੀਆਂ ਗਈਆਂ ਤੇ ਉੱਥੇ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਰਹਿੰਦੀ ਪੜ੍ਹਾਈ ਪੂਰੀ ਕਰਵਾਈ ਜਾਵੇ।
ਇਹ ਵੀ ਪੜ੍ਹੋ: PM Awas Yojana ਦੀ ਆ ਗਈ ਸਬਸਿਡੀ! ਛੇਤੀ ਚੈੱਕ ਕਰੋ ਤੁਹਾਡੇ ਖਾਤੇ 'ਚ ਪੈਸਾ ਆਇਆ ਜਾਂ ਨਹੀਂ?