ਟੋਰਾਂਟੋ: ਕੈਨੇਡਾ ਦੇ ਕੈਬਨਿਟ ਮੰਤਰੀ ਨਵਦੀਪ ਬੈਂਸ ਨੂੰ ਅਮਰੀਕਾ ਦੇ ਡਿਟ੍ਰਾਇਟ ਹਵਾਈ ਅੱਡੇ ’ਤੇ ਪੱਖਪਾਤੀ ਜਾਂਚ ਕਰਵਾਉਣ ਲਈ ਕਿਹਾ ਗਿਆ। ਇਸ ਸਬੰਧੀ ਕੈਨੇਡਾ ਨੇ ਅਮਰੀਕਾ ਦੇ ਸਰਕਾਰੀ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਹੈ।
ਇਨੋਵੇਸ਼ਨ, ਵਿਗਿਆਨ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਬੀਤੇ ਦਿਨ ਕਿਹਾ ਕਿ ਕੈਨੇਡਾ ਵਾਪਸ ਆਉਂਦਿਆਂ ਡਿਟ੍ਰਾਇਟ ਦੇ ਹਵਾਈ ਅੱਡੇ ’ਤੇ ਉਨ੍ਹਾਂ ਨੂੰ ਪੱਗ ਉਤਾਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ’ਤੇ ਸਵੈਪ ਮਸ਼ੀਨ ਦੇ ਰੋਕੇ ਜਾਣ ’ਤੇ ਉਨ੍ਹਾਂ ਨੂੰ ਗੇਟ ਤੋਂ ਵਾਪਸ ਬੁਲਾ ਲਿਆ ਗਿਆ। ਉੱਥੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਆਪਣੀ ਪੱਗ ਉਤਾਰਨ ਲਈ ਕਿਹਾ।
ਇਸ ਪਿੱਛੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੈਨੇਡੀਅਨ ਮੰਤਰੀ ਹਨ ਤਾਂ ਉਨ੍ਹਾਂ ਨੂੰ ਬਿਨ੍ਹਾਂ ਜਾਂਚ ਅੱਗੇ ਜਾਣ ਦਿੱਤਾ ਗਿਆ। ਬੈਂਸ ਨੇ ਦੱਸਿਆ ਕਿ ਉਨ੍ਹਾਂ ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਇਸ ਸ਼ਿਕਾਇਤ ਨੂੰ ਅਮਰੀਕੀ ਅਧਿਕਾਰੀਆਂ ਤਕ ਪਹੁੰਚਾਇਆ। ਇਸ ’ਤੇ ਅਮਰੀਕੀ ਅਧਿਕਾਰੀਆਂ ਨੇ ਗ਼ਲ਼ਤੀ ਮੰਨਦਿਆਂ ਉਨ੍ਹਾਂ ਕੋਲੋਂ ਮਾਫ਼ੀ ਮੰਗੀ। ਬੈਂਸ ਨੇ ਇਹ ਮਾਫ਼ੀ ਸਵੀਕਾਰ ਕਰ ਲਈ ਹੈ।