ਅਮਰੀਕਾ ਨੇ 12 ਚੀਨੀ ਕੰਪਨੀਆਂ ਨੂੰ ਕੀਤਾ ਬਲੈਕ ਲਿਸਟ, ਪਾਕਿ ਦੇ ਪਰਮਾਣੂ ਮਿਜ਼ਾਇਲ ਪ੍ਰੋਗਰਾਮ ਨੂੰ ਵੀ ਝਟਕਾ
ਅਮਰੀਕਾ ਦੇ ਵਣਜ ਸਕੱਤਰ ਜੀਨਾ ਐਮ ਰੇਮੋਂਡੋ ਨੇ ਕਿਹਾ ਹੈ ਕਿ ਵਿਸ਼ਵ ਵਪਾਰ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਜੋਖਮ ਉਠਾਉਣ ਬਾਰੇ ਨਹੀਂ ਹੈ ਬਲਕਿ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਦਾ ਸਮਰਥਨ ਕਰਨਾ ਹੈ।
ਵਾਸ਼ਿੰਗਟਨ, ਏਐਨਆਈ : ਅਮਰੀਕਾ ਨੇ ਸੁਰੱਖਿਆ ਕਾਰਨਾਂ ਕਰ ਕੇ 27 ਵਿਦੇਸ਼ੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਹੈ। ਜਿਨ੍ਹਾਂ ਕੰਪਨੀਆਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ ਚੀਨ ਦੀਆਂ 12 ਕੰਪਨੀਆਂ ਸ਼ਾਮਲ ਹਨ। ਅਮਰੀਕਾ ਨੇ ਬੁੱਧਵਾਰ ਨੂੰ 27 ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਹੈ। ਇਨ੍ਹਾਂ ਵਿਚ ਚੀਨੀ ਕੰਪਨੀਆਂ ਤੋਂ ਇਲਾਵਾ ਪਾਕਿਸਤਾਨ, ਰੂਸ, ਜਾਪਾਨ ਅਤੇ ਸਿੰਗਾਪੁਰ ਦੀਆਂ ਕੰਪਨੀਆਂ ਸ਼ਾਮਲ ਹਨ। ਅਮਰੀਕਾ ਨੇ ਇਸ ਕਦਮ ਪਿੱਛੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ ਹੈ।
ਅਮਰੀਕਾ ਦੇ ਵਣਜ ਸਕੱਤਰ ਜੀਨਾ ਐਮ ਰੇਮੋਂਡੋ ਨੇ ਕਿਹਾ ਹੈ ਕਿ ਵਿਸ਼ਵ ਵਪਾਰ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਜੋਖਮ ਉਠਾਉਣ ਬਾਰੇ ਨਹੀਂ ਹੈ ਬਲਕਿ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਦਾ ਸਮਰਥਨ ਕਰਨਾ ਹੈ। ਇਹ ਕਦਮ ਅਮਰੀਕੀ ਤਕਨੀਕ ਦੀ ਮਦਦ ਨਾਲ ਪਾਕਿਸਤਾਨ ਦੇ ਅਸੁਰੱਖਿਅਤ ਪਰਮਾਣੂ ਜਾਂ ਮਿਜ਼ਾਈਲ ਪ੍ਰੋਗਰਾਮ ਨੂੰ ਖਤਮ ਕਰ ਦੇਵੇਗਾ। ਚੀਨੀ ਫੌਜ ਨੂੰ ਆਧੁਨਿਕ ਬਣਾਉਣ 'ਚ ਮਦਦ ਕਰਨ ਵਾਲੀਆਂ ਕੰਪਨੀਆਂ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਦੂਜੇ ਪਾਸੇ ਚੀਨ ਨੇ ਅਮਰੀਕਾ ਨੂੰ ਤਾਇਵਾਨ ਨਾਲ ਨੇੜਤਾ ਵਧਾਉਣ ਤੋਂ ਰੋਕਿਆ ਹੈ। ਉਸ ਨੇ ਅਮਰੀਕਾ ਨੂੰ ਤਾਇਵਾਨ ਨਾਲ ਰਲ਼ਣਾ ਬੰਦ ਕਰਨ ਦੀ ਚਿਤਾਵਨੀ ਦਿੱਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਚੀਨ ਅਮਰੀਕਾ ਦੇ ਇਸ ਵਤੀਰੇ ਦਾ ਸਖ਼ਤ ਵਿਰੋਧ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਚੀਨ ਉਨ੍ਹਾਂ ਸਾਰੇ ਦੇਸ਼ਾਂ ਦੁਆਰਾ ਤਾਇਵਾਨ ਦੇ ਨਾਲ ਕਿਸੇ ਵੀ ਨਾਮ ਜਾਂ ਰੂਪ ਵਿਚ ਅਧਿਕਾਰਤ ਗੱਲਬਾਤ ਦਾ ਸਖ਼ਤ ਵਿਰੋਧ ਕਰਦਾ ਹੈ ਜੋ ਚੀਨ ਦੇ ਕੂਟਨੀਤਕ ਭਾਈਵਾਲ ਹਨ।
ਉਸਨੇ ਕਿਹਾ ਕਿ ਉਸਨੇ ਤਾਇਵਾਨੀ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਨਾਲ ਜੁੜਨ ਅਤੇ ਕਿਸੇ ਹੋਰ ਦੇਸ਼ ਤੋਂ ਸਮਰਥਨ ਲੈਣ ਦੀ ਕਿਸੇ ਵੀ ਕੋਸ਼ਿਸ਼ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ ਪਰ ਤਾਇਵਾਨ ਸਾਲਾਂ ਤੋਂ ਆਪਣੇ ਆਪ ਨੂੰ ਚੀਨ ਤੋਂ ਵੱਖ ਸਮਝਦਾ ਆ ਰਿਹਾ ਹੈ।