US Capitol: ਘਟਨਾ 'ਚ ਇਕ ਪੁਲਿਸ ਅਫਸਰ ਦੀ ਮੌਤ, ਵਾਈਟ ਹਾਊਸ ਦਾ ਝੰਡਾ ਅੱਧਾ ਝੁਕਾਉਣ ਦੇ ਹੁਕਮ
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਂ ਤੇ ਪਤਨੀ ਜਿਲ ਦੋਵੇਂ ਇਸ ਗੱਲ ਤੋਂ ਦੁਖੀ ਹਾਂ ਕਿ ਇਸ ਘਟਨਾ 'ਚ ਅਫਸਰ ਵਿਲਿਅਮ ਇਵਾਂਸ ਦੀ ਮੌਤ ਹੋ ਗਈ।
ਅਮਰੀਕੀ ਸੰਸਦ ਦੇ ਕੋਲ ਇਕ ਕਾਰ ਚਾਲਕ ਨੇ ਦੋ ਪੁਲਿਸ ਕਰਮੀਆਂ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਤੋਂ ਬਾਅਦ ਹਸਪਤਾਲ 'ਚ ਭਰਤੀ ਇਕ ਪੁਲਿਸ ਕਰਮੀ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਮਾਮਲੇ 'ਤੇ ਦੁੱਖ ਜਤਾਇਆ ਹੈ ਤੇ ਨਾਲ ਹੀ ਪੁਲਿਸਕਰਮੀ ਦੀ ਮੌਤ 'ਤੇ ਸੋਗ ਜਤਾਉਂਦਿਆਂ ਵਾਈਟ ਹਾਊਸ ਦੇ ਧਵਜ ਨੂੰ ਅੱਧਾ ਝੁਕਾਉਣ ਦੇ ਹੁਕਮ ਦਿੱਤੇ ਹਨ।
ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਮੈਂ ਤੇ ਪਤਨੀ ਜਿਲ ਦੋਵੇਂ ਇਸ ਗੱਲ ਤੋਂ ਦੁਖੀ ਹਾਂ ਕਿ ਇਸ ਘਟਨਾ 'ਚ ਅਫਸਰ ਵਿਲਿਅਮ ਇਵਾਂਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ, 'ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ ਜਤਾਉਂਦਾ ਹਾਂ। ਮੈਂ ਜਾਣਦਾ ਹਾਂ ਕਿ ਅਮਰੀਕੀ ਸੰਸਦ 'ਚ ਕੰਮ ਕਰ ਰਹੇ ਸਾਰੇ ਲੋਕਾਂ ਤੇ ਸੁਰੱਖਿਆ ਕਰਮੀਆਂ ਲਈ ਇਹ ਬੇਹੱਦ ਬੁਰਾ ਸਮਾਂ ਹੈ। ਮੈਂ ਪੂਰੀ ਤਰ੍ਹਾਂ ਮਾਮਲੇ 'ਚ ਨਜ਼ਰ ਬਣਾਈ ਹੋਈ ਹੈ ਤੇ ਜਾਂਚ ਦੀ ਪਲ-ਪਲ ਖ਼ਬਰ ਲੈ ਰਿਹਾ ਹਾਂ।'
ਰਾਸ਼ਟਰਪਤੀ ਜੋ ਬਾਇਡਨ ਨੇ ਘਟਨਾ 'ਚ ਪੁਲਿਸ ਕਰਮੀ ਦੀ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ, 'ਅਸੀਂ ਇਕ ਬਹਾਦਰ ਪੁਲਿਸ ਅਫਸਰ ਗਵਾਇਆ ਹੈ। ਉਨ੍ਹਾਂ ਦੇ ਜਾਣ ਦਾ ਸੋਗ ਮਨਾਉਂਦਿਆਂ ਮੈਂ ਹੁਕਮ ਦਿੰਦਾ ਹਾਂ ਕਿ ਵਾਈਟ ਹਾਊਸ ਦੇ ਧਵੱਜ ਨੂੰ ਅੱਧਾ ਝੁਕਾਇਆ ਜਾਵੇ।'
ਇਸ ਪੂਰੀ ਘਟਨਾ ਤੋਂ ਬਾਅਦ ਕੈਪੀਟਲ ਬਿਲਡਿੰਗ ਨੂੰ ਬਾਹਰੀ ਸੁਰੱਖਿਆ ਖਤਰੇ ਦੇ ਚੱਲਦਿਆਂ ਲੌਕਡਾਊਨ ਲਾ ਦਿੱਤਾ ਗਿਆ ਤੇ ਨਾਲ ਹੀ ਸਟਾਫ ਦੇ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਬਿਲਡਿੰਗ ਦੇ ਬਾਹਰ ਜਾਂ ਅੰਦਰ ਨਾ ਜਾਣ। ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ। ਪੁਲਿਸ ਕਰਮੀਆਂ 'ਚ ਟੱਕਰ ਮਾਰਨ ਵਾਲੇ ਕਾਰ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ ਹੈ।