ਅਮਰੀਕੀ ਚੋਣਾਂ ਦੀ ਗਿਣਤੀ ਦਾ ਆਖਰੀ ਪੜ੍ਹਾਅ ਫੈਸਲਾਕੁਨ, ਹੁਣ ਕੌਣ ਮਾਰੇਗਾ ਬਾਜ਼ੀ?
ਕੁਝ ਵੋਟਾਂ ਦੇ ਫ਼ਰਕ ਨਾਲ ਦੋਵੇਂ ਉਮੀਦਵਾਰ ਮੈਦਾਨ ਵਿੱਚ ਡਟੇ ਹੋਏ ਹਨ। ਇਸ ਦੌਰਾਨ ਵੋਟਾਂ ਦੀ ਗਿਣਤੀ ਦੇ ਨਾਲ ਹੀ ਤਣਾਅ ਵਧ ਗਿਆ ਹੈ।
ਵਾਸ਼ਿੰਗਟਨ: ਅਮਰੀਕੀ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਹੋਣ ਵਾਲਾ ਹੈ। ਹੁਣ ਤੱਕ ਆਏ ਨਤੀਜਿਆਂ ’ਚ ਵ੍ਹਾਈਟ ਹਾਊਸ ਲਈ ਦੌੜ ਵਿੱਚ ਜੋਅ ਬਾਇਡੇਨ ਅੱਗੇ ਹਨ ਤੇ ਅੰਕੜੇ ਇਹੋ ਦੱਸ ਰਹੇ ਹਨ ਕਿ ਉਹ ਜਿੱਤ ਸਕਦੇ ਹਨ। ਉਨ੍ਹਾਂ ਨੂੰ ਜਿੱਤ ਲਈ 6 ਇਲੈਕਟ੍ਰੋਲ ਵੋਟਾਂ ਦੀ ਲੋੜ ਹੈ। ਜਿਹੜੇ ਰਾਜਾਂ ਵਿੱਚ ਹਾਲੇ ਗਿਣਤੀ ਜਾਰੀ ਹੈ, ਉੱਥੇ ਦੋਵੇਂ ਉਮੀਦਵਾਰਾਂ ਵਿਚਾਲੇ ਸਖ਼ਤ ਟੱਕਰ ਹੈ। ਡੋਨਾਲਡ ਟਰੰਪ ਵੀ ਦੌੜ ’ਚ ਹਨ ਤੇ ਕਿਸੇ ਦੀ ਜਿੱਤ ਜਾਂ ਹਾਰ ਉੱਤੇ ਆਖ਼ਰੀ ਮੋਹਰ ਲਾਉਣਾ ਬਿਲਕੁਲ ਨਾਮੁਮਕਿਨ ਹੈ। ਅਲਾਸਕਾ, ਜਾਰਜੀਆ, ਨੌਰਥ ਕੈਰੋਲਾਈਨਾ ਤੇ ਪੈਨਸਿਲਵੇਨੀਆ ਦੇ ਨਤੀਜੇ ਆਉਣੇ ਬਾਕੀ ਹੈ ਤੇ ਉੱਥੇ ਟੱਕਰ ਹੋਰ ਵੀ ਸਖ਼ਤ ਹੈ।
ਕੁਝ ਵੋਟਾਂ ਦੇ ਫ਼ਰਕ ਨਾਲ ਦੋਵੇਂ ਉਮੀਦਵਾਰ ਮੈਦਾਨ ਵਿੱਚ ਡਟੇ ਹੋਏ ਹਨ। ਇਸ ਦੌਰਾਨ ਵੋਟਾਂ ਦੀ ਗਿਣਤੀ ਦੇ ਨਾਲ ਹੀ ਤਣਾਅ ਵਧ ਗਿਆ ਹੈ। ਨਤੀਜਿਆਂ ਵਿੱਚ ਘੁਟਾਲੇ ਨੂੰ ਲੈ ਕੇ ਇੱਕ ਪਾਸੇ ਟਰੰਪ ਦੇ ਹਮਾਇਤੀ ਹੰਗਾਮਾ ਕਰ ਰਹੇ ਹਨ ਤੇ ਉੱਧਰ ਟਰੰਪ ਦੀ ਟੀਮ ਨੇ ਮਿਸ਼ੀਗਨ, ਵਿਸਕੌਨਸਿਨ ਤੇ ਜਾਰਜੀਆ ਸਮੇਤ ਕਈ ਰਾਜਾਂ ਵਿੱਚ ਨਤੀਜਿਆਂ ਵਿਰੁੱਧ ਕੇਸ ਕੀਤਾ ਹੈ। ਦੂਜੇ ਕੈਂਪ ਵਿੱਚ ਵੀ ਹਲਚਲ ਵਧ ਗਈ ਹੈ। ਟੀਮ ਬਾਇਡੇਨ ਨੇ ਸਮਰਥਕਾਂ ਤੋਂ ਆਰਥਿਕ ਮਦਦ ਮੰਗੀ ਹੈ, ਤਾਂ ਜੋ ਲੰਮੀ ਕਾਨੂੰਨੀ ਲੜਾਈ ਚੱਲੀ, ਤਾਂ ਮਦਦ ਮਿਲ ਸਕੇ। ਬਾਇਡੇਨ ਦਾ ਕਹਿਣਾ ਹੈ ਕਿ ਜੇ ਟਰੰਪ ਵੋਟਾਂ ਦੀ ਗਿਣਤੀ ਰੋਕਣ ਦਾ ਜਤਨ ਕਰਦੇ ਹਨ, ਤਾਂ ਲੀਗਲ ਟੀਮ ਉਸ ਲਈ ਤਿਆਰ ਰਹੇ।
ਬਾਇਡੇਨ ਦੀਆਂ ਚੋਣ ਮੁਹਿੰਮਾਂ ਦੇ ਮੈਨੇਜਰ ਨੇ ਕਿਹਾ ਕਿ ਟਰੰਪ ਦਾ ‘ਵੋਟਾਂ ਦੀ ਗਿਣਤੀ ਵਿੱਚ ਧੋਖਾਧੜੀ ਚੱਲ ਰਹੀ’ ਦਾ ਦਾਅਵਾ ਗ਼ੈਰ-ਵਾਜਬ ਤੇ ਅਣਕਿਆਸਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਜੋਅ ਬਾਇਡੇਨ ਹੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਉੱਧਰ ਟਰੰਪ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਕੱਲ੍ਹ ਰਾਤੀਂ ਮੈਂ ਕਈ ਅਹਿਮ ਰਾਜਾਂ ਵਿੱਚ ਮਜ਼ਬੂਤ ਤਰੀਕੇ ਨਾਲ ਅੱਗੇ ਸਾਂ ਪਰ ਫਿਰ ਵੋਟਾਂ ਗ਼ਾਇਬ ਹੋਣ ਲੱਗੀਆਂ। ਕਾਫ਼ੀ ਅਜੀਬ ਹੈ। ਵੋਟਾਂ ਦੀ ਗਿਣਤੀ ਦੇ ਨਿਗਰਾਨਾਂ ਨੇ ਇਸ ਨੂੰ ਪੂਰੀ ਤਰ੍ਹਾਂ ਗ਼ਲਤ ਸਮਝਿਆ ਹੈ।
ਨੇਵਾਡਾ ਰਾਜ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਨੇਵਾਡਾ ’ਚ ਵੋਟਾਂ ਦਾ ਫ਼ਰਕ ਸਿਰਫ਼ 7 ਹਜ਼ਾਰ 6 ਸੌ 46 ਹੈ। ਨੇਵਾਡਾ ਦੀ ਉਹ ਸੀਟ ਜੋਅ ਬਾਇਡੇਨ ਦੀ ਕਿਸਮਤ ਤੈਅ ਕਰਨ ਵਾਲੀ ਹੈ। ਬਾਇਡੇਨ ਲਈ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੇ ਸਖ਼ਤ ਟੱਕਰ ਵਿੱਚ ਵਿਸਕੌਨਸਿਨ ਤੇ ਮਿਸ਼ੀਗਨ ਰਾਜ ਜਿੱਤ ਲਿਆ ਹੈ। ਹੁਣ ਪੈਨਸਿਲਵੇਨੀਆ ਤੇ ਨੇਵਾਡਾ ਦੇ ਨਤੀਜਿਆਂ ਉੱਤੇ ਦੁਨੀਆ ਦੀ ਨਜ਼ਰ ਹੈ।
ਕੱਲ੍ਹ-ਪਰਸੋਂ ਤੱਕ ਸਾਰੇ ਨਤੀਜੇ ਸਾਹਮਣੇ ਆ ਜਾਣਗੇ ਪਰ ਨਤੀਜੇ ਆਉਣ ਤੋਂ ਪਹਿਲਾਂ ਹੀ ਜੋਅ ਬਾਇਡੇਨ ਨੇ ਜੇਤੂ ਨੇਤਾ ਵਾਂਗ ਭਾਸ਼ਣ ਦਿੰਦਿਆਂ ਕਿਹਾ ਕਿ ਅਸੀਂ ਬਹੁਮੱਤ ਤੋਂ ਜ਼ਿਆਦਾ ਇਲੈਕਟ੍ਰੋਲ ਕਾਲਜ ਜਿੱਤਣ ਵੱਲ ਵਧ ਰਹੇ ਹਾਂ। ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜਿੱਤ ਤੋਂ ਬਾਅਦ ਰੀਪਬਲਿਕਨ ਤੇ ਡੈਮੋਕ੍ਰੈਟ ਰਾਜਾਂ ਵਿਚਾਲੇ ਕੋਈ ਭੇਦਭਾਵ ਨਹੀਂ ਹੋਵੇਗਾ, ਸਾਰੇ ਮਿਲ ਕੇ ਅਮਰੀਕਾ ਨੂੰ ਅੱਗੇ ਵਧਾਵਾਂਗੇ। ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਫੈਲਣ ਦੇ ਖ਼ਦਸ਼ੇ ਕਾਰਣ ਅਮਰੀਕਾ ਵਿੱਚ ਸਖ਼ਤ ਸੁਰੱਖਿਆ ਚੌਕਸੀ ਵੀ ਰੱਖੀ ਜਾ ਰਹੀ ਹੈ।
ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ