ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵਾਰ ਫਿਰ ਦੇਸ਼ ਦੀ ਅਦਾਲਤ ਨੇ ਝਟਕਾ ਦਿੱਤਾ ਹੈ। ਟਰੰਪ ਸਰਕਾਰ ਦੇ ਸ਼ਰਨਾਰਥੀਆਂ ਦੇ ਦੇਸ਼ ਵਿੱਚ ਦਾਖਲੇ 'ਤੇ ਰੋਕ ਲਾਉਣ ਵਾਲੇ ਫੈਸਲੇ ਨੂੰ ਅਦਾਲਤ ਨੇ ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ।

ਦਰਅਸਲ, ਟਰੰਪ ਨੇ ਮੈਕਸੀਕੋ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਸ਼ਰਨਾਰਥੀਆਂ 'ਤੇ ਰੋਕ ਲਾ ਦਿੱਤੀ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਟਰੰਪ ਪ੍ਰਸ਼ਾਸਨ ਸ਼ਰਨਾਰਥੀਆਂ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾ ਸਕਦਾ। ਟਰੰਪ ਨੇ ਪਿਛਲੇ ਮਹੀਨੇ ਮੱਧ ਅਮਰੀਕੀ ਦੇਸ਼ਾਂ ਤੋਂ ਅਮਰੀਕਾ ਵਿੱਚ ਸ਼ਰਨ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਮੈਕਸੀਕੋ ਸਰਹੱਦ 'ਤੇ ਹੀ ਰੋਕਣ ਦਾ ਐਲਾਨ ਕੀਤਾ ਸੀ।

ਟਰੰਪ ਦੇ ਇਸ ਫੈਸਲੇ 'ਤੇ ਅਦਾਲਤ ਨੇ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ, ਇੱਥੋਂ ਤਕ ਕਿ ਰਾਸ਼ਟਰਪਤੀ ਦਫ਼ਤਰ ਵੀ ਕਾਰਜਕਾਰੀ ਕਾਨੂੰਨ ਲਿਆ ਕੇ ਅਜਿਹਾ ਨਹੀਂ ਕਰ ਸਕਦੇ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਅਮਰੀਕੀ ਸੰਸਦ ਨੇ ਸ਼ਰਨਾਰਥੀਆਂ ਨੂੰ ਦੇਸ਼ 'ਚ ਆਉਣ ਦੀ ਇਜਾਜ਼ਤ ਦਿੱਤੀ ਹੈ।

ਅਮਰੀਕੀ ਸਰਕਟ ਕੋਰਟ ਆਫ਼ ਅਪੀਲਜ਼ ਨੇ ਕਿਹਾ ਕਿ ਜੋ ਪਾਬੰਦੀ ਟਰੰਪ ਪ੍ਰਸ਼ਸਨ ਵੱਲੋਂ ਲਾਈ ਗਈ ਹੈ ਉਹ ਅਮਰੀਕੀ ਕਾਨੂੰਨ ਤਹਿਤ ਨਾ ਮੰਨਣਯੋਗ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਸੰਘੀ ਅਦਾਲਤ ਵੀ ਟਰੰਪ ਦੇ ਇਸ ਫੈਸਲੇ ਨੂੰ ਨਕਾਰ ਚੁੱਕੀ ਹੈ।