ਭਾਰਤ 'ਤੇ ਨਹੀਂ ਟਰੰਪ ਦੇ ਟੈਰਿਫ ਦਾ ਖਤਰਾ? ਰਿਪੋਰਟ ਦਾ ਦਾਅਵਾ- 2 ਅਪ੍ਰੈਲ ਨੂੰ ਮਿਲ ਸਕਦੀ ਰਾਹਤ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਤੋਂ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਤੇ ਰੈਸੀਪ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਦੀ ਇਸ ਨੀਤੀ ਦਾ ਵਿਸ਼ਵ ਵਪਾਰ 'ਤੇ ਕੀ ਪ੍ਰਭਾਵ ਪਵੇਗਾ? ਆਓ ਜਾਣਦੇ ਹਾਂ...

Trump Tariffs: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਤੋਂ ਰੈਸੀਪ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਨਾਲ ਕਈ ਦੇਸ਼ਾਂ, ਖਾਸ ਕਰਕੇ ਭਾਰਤ, ਚੀਨ ਅਤੇ ਯੂਰਪ ਦੀ ਆਰਥਿਕਤਾ ਪ੍ਰਭਾਵਿਤ ਹੋ ਸਕਦੀ ਹੈ। ਬਲੂਮਬਰਗ ਅਤੇ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਾਂ ਦੇ ਅਨੁਸਾਰ, ਸੈਕਟਰ-ਵਿਸ਼ੇਸ਼ ਟੈਰਿਫਾਂ ਨੂੰ ਬਾਹਰ ਰੱਖਿਆ ਜਾਵੇਗਾ, ਭਾਵ ਕੁਝ ਉਦਯੋਗਾਂ ਜਾਂ ਦੇਸ਼ਾਂ 'ਤੇ ਪਹਿਲਾਂ ਪ੍ਰਸਤਾਵਿਤ ਟੈਰਿਫ ਨਹੀਂ ਲਗਾਏ ਜਾਣਗੇ। ਇਨ੍ਹਾਂ ਰਿਪੋਰਟਾਂ ਦੇ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਭਾਰਤ ਲਈ ਰਾਹਤ ਦੀ ਗੱਲ ਹੈ।
ਟਰੰਪ ਦੀ ਰੈਸੀਪ੍ਰੋਕਲ ਟੈਰਿਫ ਨੀਤੀ ਕੀ ਹੈ?
ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਜੇਕਰ ਕੋਈ ਦੇਸ਼ ਅਮਰੀਕੀ ਉਤਪਾਦਾਂ 'ਤੇ ਹਾਈ ਟੈਕਸ ਲਗਾਉਂਦਾ ਹੈ, ਤਾਂ ਅਮਰੀਕਾ ਵੀ ਉਸ ਦੇਸ਼ ਦੇ ਉਤਪਾਦਾਂ 'ਤੇ ਇਸੇ ਤਰ੍ਹਾਂ ਦੇ ਟੈਕਸ ਲਗਾਵੇਗਾ। ਉਦਾਹਰਣ ਵਜੋਂ, ਜੇਕਰ ਭਾਰਤ ਅਮਰੀਕੀ ਉਤਪਾਦਾਂ 'ਤੇ 10% ਆਯਾਤ ਡਿਊਟੀ ਲਗਾਉਂਦਾ ਹੈ, ਤਾਂ ਅਮਰੀਕਾ ਵੀ ਭਾਰਤੀ ਉਤਪਾਦਾਂ 'ਤੇ 10% ਦਾ ਜਵਾਬੀ ਟੈਰਿਫ ਲਗਾਏਗਾ। ਟਰੰਪ ਦੇ ਅਨੁਸਾਰ, ਇਸ ਨਾਲ ਅਮਰੀਕਾ ਦੀ ਵਪਾਰ ਨੀਤੀ ਹੋਰ ਨਿਰਪੱਖ (Fair Trade) ਬਣ ਜਾਵੇਗੀ।
ਕਿਹੜੇ ਪ੍ਰੋਡਕਟ 'ਤੇ ਡਿਊਟੀ ਲਗਾਈ ਜਾਣੀ ਸੀ?
ਟਰੰਪ ਨੇ ਫਰਵਰੀ ਵਿੱਚ ਕਿਹਾ ਸੀ ਕਿ ਉਹ ਆਟੋਮੋਬਾਈਲਸ 'ਤੇ 25% ਟੈਰਿਫ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਸੈਮੀਕੰਡਕਟਰ ਅਤੇ ਫਾਰਮਾਸਿਊਟੀਕਲ ਆਯਾਤ 'ਤੇ ਵੀ ਇਸੇ ਤਰ੍ਹਾਂ ਦੇ ਟੈਰਿਫ ਲਗਾਏ ਜਾਣਗੇ, ਪਰ ਅਮਰੀਕਾ ਦੀਆਂ ਤਿੰਨ ਸਭ ਤੋਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਦੇ ਦਬਾਅ ਤੋਂ ਬਾਅਦ ਪ੍ਰਸ਼ਾਸਨ ਨੇ ਕੁਝ ਆਟੋ ਟੈਰਿਫਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ।
2 ਅਪ੍ਰੈਲ ਨੂੰ ਕੀ ਹੋਵੇਗਾ? ਸੈਕਟਰ-ਵਿਸ਼ੇਸ਼ ਟੈਰਿਫ ਕਿਉਂ ਹਟਾਇਆ ਗਿਆ?
ਬਲੂਮਬਰਗ ਨਿਊਜ਼ ਅਤੇ ਦ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਅਨੂਸਾਰ ਸੈਕਟਰ-ਵਿਸ਼ੇਸ਼ ਟੈਰਿਫਾਂ ਦਾ ਐਲਾਨ ਹੁਣ 2 ਅਪ੍ਰੈਲ ਨੂੰ ਨਹੀਂ ਕੀਤਾ ਜਾਵੇਗਾ, ਪਰ ਵ੍ਹਾਈਟ ਹਾਊਸ ਅਜੇ ਵੀ ਰੈਸੀਪ੍ਰੋਕਲ ਟੈਰਿਫ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ, ਨੀਤੀ ਅਜੇ ਵੀ ਸਥਿਰ ਹੈ ਅਤੇ ਅੰਤਿਮ ਫੈਸਲਾ 2 ਅਪ੍ਰੈਲ ਤੱਕ ਲਿਆ ਜਾਵੇਗਾ।
ਅਮਰੀਕੀ ਖਜ਼ਾਨਾ ਸਕੱਤਰ ਦਾ ਬਿਆਨ
ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਸੰਕੇਤ ਦਿੱਤਾ ਕਿ ਕੁਝ ਟੈਰਿਫਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ, ਪਰ ਵ੍ਹਾਈਟ ਹਾਊਸ ਨੇ ਅਜੇ ਤੱਕ ਇਸ ਬਾਰੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਨੇ ਕਿਹਾ, "ਅਸੀਂ ਅਜੇ ਵੀ 2 ਅਪ੍ਰੈਲ ਤੋਂ ਰੈਸੀਪ੍ਰੋਕਲ ਟੈਰਿਫ ਲਗਾਉਣ ਦਾ ਇਰਾਦਾ ਰੱਖਦੇ ਹਾਂ।" ਹਾਲਾਂਕਿ, ਅਧਿਕਾਰੀਆਂ ਦੇ ਅਨੁਸਾਰ, ਇਸ ਨੀਤੀ ਨੂੰ ਅਜੇ ਵੀ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।
ਵਿਸ਼ਵ ਆਰਥਿਕਤਾ 'ਤੇ ਅਸਰ
ਭਾਰਤ ਅਮਰੀਕਾ ਦਾ ਇੱਕ ਵੱਡਾ ਵਪਾਰਕ ਭਾਈਵਾਲ ਹੈ। ਜੇਕਰ ਰੈਸੀਪ੍ਰੋਕਲ ਟੈਰਿਫ ਲਾਗੂ ਕੀਤੇ ਜਾਂਦੇ ਹਨ ਤਾਂ ਭਾਰਤੀ ਫਾਰਮਾਸਿਊਟੀਕਲ, ਆਈਟੀ ਅਤੇ ਆਟੋਮੋਬਾਈਲ ਸੈਕਟਰ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ਵਿੱਚ ਉਤਪਾਦ ਮਹਿੰਗੇ ਹੋਣ ਕਾਰਨ ਭਾਰਤੀ ਕੰਪਨੀਆਂ ਨੂੰ ਨੁਕਸਾਨ ਹੋ ਸਕਦਾ ਹੈ।
ਚੀਨ ਅਤੇ ਯੂਰਪੀਅਨ ਯੂਨੀਅਨ 'ਤੇ ਅਸਰ
ਚੀਨ ਅਤੇ ਅਮਰੀਕਾ ਵਿਚਕਾਰ ਪਹਿਲਾਂ ਹੀ ਵਪਾਰ ਯੁੱਧ ਚੱਲ ਰਿਹਾ ਹੈ। ਜੇਕਰ ਟੈਰਿਫ ਵਧਦੇ ਹਨ, ਤਾਂ ਚੀਨ ਦੇ ਇਲੈਕਟ੍ਰਾਨਿਕਸ ਅਤੇ ਤਕਨੀਕੀ ਉਦਯੋਗ ਨੂੰ ਝਟਕਾ ਲੱਗ ਸਕਦਾ ਹੈ। ਯੂਰਪੀ ਸੰਘ ਅਮਰੀਕੀ ਆਟੋਮੋਬਾਈਲ ਅਤੇ ਤਕਨਾਲੌਜੀ ਉਦਯੋਗਾਂ ਦਾ ਇੱਕ ਵੱਡਾ ਖਪਤਕਾਰ ਹੈ। ਅਮਰੀਕਾ ਦੇ ਨਵੇਂ ਟੈਰਿਫ ਯੂਰਪੀਅਨ ਕਾਰ ਕੰਪਨੀਆਂ (BMW, ਮਰਸੀਡੀਜ਼) ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
