ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਅੱਜ ਵੋਟਿੰਗ ਹੈ। ਇਸ ਦੌਰਾਨ ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪੁਲਾੜ ਵਿਗਿਆਨੀ ਸੇਨ ਕਿੰਬ੍ਰੋ ਰਾਸ਼ਟਰਪਤੀ ਅਹੁਦੇ ਲਈ ਵੋਟ ਪਾਉਣ ਵਾਲੇ ਪਹਿਲੇ ਸ਼ਖ਼ਸ ਬਣ ਗਏ ਹਨ। ਸੇਨ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ (ISS) ਤੋਂ ਆਪਣਾ ਵੋਟ ਭੁਗਤਾਇਆ।


ਪੁਲਾੜ ਤੋਂ ਵੋਟ ਪਾਉਣ ਤੋਂ ਬਾਅਦ ਨਾਸਾ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ। ਨਾਸਾ ਨੇ ਆਖਿਆ ਕਿ ਪੁਲਾੜ ਵਿੱਚ ਉਨ੍ਹਾਂ ਦੇ ਜਿੰਨੇ ਵੀ ਵਿਗਿਆਨੀ ਹਨ, ਉਨ੍ਹਾਂ ਵਿੱਚੋਂ ਸੇਨ ਪਹਿਲੇ ਹਨ ਜਿਨ੍ਹਾਂ ਨੇ ਆਪਣੀ ਵੋਟ ਪਾਈ ਹੈ। 1997 ਵਿੱਚ ਪੁਲਾੜ ਤੋਂ ਵੋਟ ਪਾਉਣ ਵਾਲਾ ਪਹਿਲਾ ਵਿਗਿਆਨੀ ਡੇਵਿਡ ਵੋਲਫ ਸੀ।

ਸੇਨ 19 ਅਕਤੂਬਰ ਨੂੰ ਕਜਾਕਿਸਤਾਨ ਦੇ ਬੈਕਾਨੂਰ ਤੋਂ ਆਪਣੇ ਰੂਸੀ ਸਾਥੀ ਨਾਲ ਪੁਲਾੜ ਲਈ ਰਵਾਨਾ ਹੋਇਆ ਸੀ। ਸੇਨ ਚਾਰ ਮਹੀਨੇ ਤੱਕ ਪੁਲਾੜ ਵਿੱਚ ਰਹਿਣਗੇ।1997 ਦੇ ਟੈਕਸਾਸ ਦੇ ਕਾਨੂੰਨ ਅਨੁਸਾਰ ਪੁਲਾੜ ਵਿੱਚ ਗਿਆ ਵਿਗਿਆਨੀ ਵੀ ਵੋਟ ਦੇ ਸਕਦਾ ਹੈ। ਨਾਸਾ ਦੇ ਜ਼ਿਆਦਾਤਰ ਵਿਗਿਆਨੀ ਹੂਸਟਨ ਇਲਾਕੇ ਵਿੱਚ ਰਹਿੰਦੇ ਹਨ।

ਸਪੇਸ ਤੋਂ ਵੋਟ ਪਾਉਣ ਲਈ ਇਲੈਕ੍ਰੋਟਨਿਕ ਈ-ਮੇਲ ਸਿਸਟਮ ਹੁੰਦਾ ਹੈ ਜੋ ਜਾਨਸਨ ਸਪੇਸ ਸੈਂਟਰ ਨਾਲ ਜੁੜਿਆ ਹੁੰਦਾ ਹੈ। ਇਸ ਥਾਂ ਤੋਂ ਮੇਲ ਪੁਲਾੜ ਵਿੱਚ ਭੇਜੀ ਜਾਂਦੀ ਹੈ। ਫਿਰ ਪੁਲਾੜ ਵਿਗਿਆਨੀ ਇਸ ਮੇਲ ਨੂੰ ਵਾਪਸ ਭੇਜਦਾ ਹੈ। ਧਰਤੀ ਤੋਂ 4000 ਕਿਲੋਮੀਟਰ ਦੂਰ ਸਪੇਸ ਸਟੇਸ਼ਨ ਵਿੱਚ ਸੇਨ ਧਰਤੀ ਦਾ ਚੱਕਰ ਲਾ ਰਿਹਾ ਹੈ।