ਨਵੀਂ ਦਿੱਲੀ: ਅਮਰੀਕਾ ਨੇ ਤਾਲਿਬਾਨ ਅੱਗੇ ਹਥਿਆਰ ਸੁੱਟ ਦਿੱਤੇ ਹਨ। ਸ਼ਨੀਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਇਤਿਹਾਸਕ ਸਮਝੌਤਾ ਹੋ ਗਿਆ। ਇਸ ਦਾ ਨਾਲ ਹੀ 18 ਸਾਲ ਤੋਂ ਚੱਲੀ ਆ ਰਹੀ ਜੰਗ ਖਤਮ ਹੋਣ ਦਾ ਐਲਾਨ ਕਰ ਦਿੱਤਾ ਗਿਆ। ਤਾਲਿਬਾਨ ਨਾਲ ਸਮਝੌਤੇ ਮਗਰੋਂ ਅਮਰੀਕਾ ਵੱਲੋਂ ਅਫਗਾਨਿਸਤਾਨ ਵਿੱਚੋਂ 14 ਮਹੀਨਿਆਂ ਵਿੱਚ ਆਪਣੀਆਂ ਫੌਜਾਂ ਕੱਢ ਲਈਆਂ ਜਾਣਗੀਆਂ। ਇਸ ਨੂੰ ਕੌਮਾਂਤਰੀ ਮੀਡੀਆ ਦਾ ਕੁਝ ਹਿੱਸਾ ਅਮਰੀਕਾ ਦੀ ਹਾਰ ਦੱਸ ਰਿਹਾ ਹੈ।

ਇੱਥੇ ਅਹਿਮ ਗੱਲ ਹੈ ਕਿ ਤਾਲਿਬਾਨ ਹੁਣ ਦੇਸ਼ ਦੀ ਸਿਆਸਤ ਵਿੱਚ ਕੁੱਦੇਗੀ ਤੇ ਸੱਤਾ ਹਾਸਲ ਕਰਨ ਵਿੱਚ ਜੁਟੇਗੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਤਾਲਿਬਾਨ ਦੀ ਸਰਕਾਰ ਬਣਦੀ ਹੈ ਤਾਂ ਇਸ ਦਾ ਸਿੱਧਾ ਅਸਰ ਭਾਰਤ ਉੱਤੇ ਵੀ ਪਏਗਾ। ਇਸ ਦਾ ਕਾਰਨ ਹੈ ਕਿ ਤਾਲਿਬਾਨ ਦੀ ਪਾਕਿਸਤਾਨ ਨਾਲ ਨੇੜਤਾ ਹੈ। ਉਂਝ ਤਾਲਿਬਾਨ ਨੇ ਅਲ-ਕਾਇਦਾ ਨਾਲ ਸਬੰਧ ਤੋੜਨ ਦਾ ਐਲਾਨ ਕੀਤਾ ਹੈ। ਇਸ ਦਾ ਭਾਵ ਹੈ ਕਿ ਤਾਲਿਬਾਨ ਹੁਣ ਹਥਿਆਰਬੰਦ ਸੰਘਰਸ਼ ਨਹੀਂ ਕਰਨਗੇ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ-ਤਾਲਿਬਾਨ ਸਮਝੌਤੇ ਦਾ ਸਵਾਗਤ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਹਿੰਸਾ ਖਤਮ ਕਰਨ ਤੇ ਸ਼ਾਂਤੀ ਸਥਾਪਤ ਕਰਨ ਲਈ ਯਤਨਾਂ ਦਾ ਸਮਰਥਨ ਕਰਨਾ ਭਾਰਤ ਦੀ ਨੀਤੀ ਹੈ। ਉਧਰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੌਂਪੀਓ ਨੇ ਤਾਲਿਬਾਨ ਨੂੰ ਕਿਹਾ ਕਿ ਉਹ ਸਮਝੌਤੇ ਬਾਰੇ ਆਪਣੀ ਵਚਨਬੱਧਤਾ ਦਾ ਪਾਲਣ ਕਰੇ। ਇਸੇ ਤਹਿਤ ਅਲ-ਕਾਇਦਾ ਨਾਲ ਸਬੰਧ ਸਮਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਫਗਾਨੀਆਂ ਦੀ ਜਿੱਤ ਸਿਰਫ ਸ਼ਾਂਤੀ ਤੇ ਖੁਸ਼ਹਾਲੀ ਨਾਲ ਹੀ ਸੰਭਵ ਹੈ।