ਵਾਸ਼ਿੰਗਟਨ: ਅਮਰੀਕੀ ਸੈਨੇਟ ਵਿੱਚ ਡੈਮੋਕ੍ਰੇਟਿਸ ਨੇ ਗਰਭਪਾਤ ਨਾਲ ਸਬੰਧਤ ਵਿਵਾਦਤ ਬਿੱਲ ਨੂੰ ਡੇਗ ਦਿੱਤਾ ਹੈ। ਇਸ ਬਿੱਲ ਵਿੱਚ 20 ਹਫਤੇ ਦਾ ਗਰਭ ਗਿਰਾਉਣ 'ਤੇ ਪਾਬੰਦੀ ਲਾਉਣ ਤੇ ਉਸ ਨੂੰ ਅਪਰਾਧਕ ਕਰਾਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਕਾਂਗਰਸ ਵਿੱਚ ਕੰਜਰਵੇਟਿਵ ਲਈ ਲੰਮੇ ਸਮੇਂ ਤੋਂ ਅਹਿਮ ਰਿਹਾ ਇਹ ਬਿੱਲ ਟਲ ਗਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਪੇਨ-ਕੈਪੇਬਲ ਅਨਬੌਰਨ ਚਾਈਲਡ ਪ੍ਰੋਟੈਕਸ਼ਨ ਐਕਟ' ਦੀ ਨਾਕਾਮੀ ਨੂੰ 'ਨਿਰਾਸ਼ਾਜਨਕ' ਦੱਸਿਆ ਤੇ ਸੈਨੇਟਰਾਂ ਨੂੰ ਇਸ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। 100 ਮੈਂਬਰੀ ਸੈਨੇਟ ਵਿੱਚ ਬਿੱਲ ਨੂੰ ਪਾਸ ਕਰਨ ਲਈ 60 ਵੋਟਾਂ ਦੀ ਲੋੜ ਸੀ ਪਰ ਇਸ ਨੂੰ 51 ਦੇ ਮੁਕਾਬਲੇ 46 ਵੋਟ ਹੀ ਮਿਲੇ।

ਸਾਲ 1973 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਗਰਭ ਡੇਗਣ ਦਾ ਹੱਕ ਔਰਤਾਂ ਦਾ ਹੈ। ਇਸ ਦੇ ਬਾਵਜੂਦ ਕਾਂਗ੍ਰੇਸ਼ਨਲ ਰਿਪਬਲੀਕਨਜ਼ ਕਈ ਸਾਲਾਂ ਤੋਂ ਅਮਰੀਕਾ ਵਿੱਚ ਗਰਭਪਾਤ 'ਤੇ ਪਾਬੰਦੀ ਵਾਲੇ ਇਸ ਬਿੱਲ ਨੂੰ ਪਾਸ ਕਰਾਉਣ ਦੀ ਮੰਗ ਕਰ ਰਹੇ ਹਨ।