ਵਾਸ਼ਿੰਗਟਨ: ਅਮਰੀਕਾ ਨੇ ਪਰਵਾਸੀਆਂ ਦੇ ਕਾਫਲੇ ਨੂੰ ਦੇਸ਼ ਅੰਦਰ ਦਾਖ਼ਲ ਹੋਣੋਂ ਰੋਕਣ ਲਈ ਕਮਰ ਕੱਸ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਮਰੀਕੀ ਰੱਖਿਆ ਸਕੱਤਰ ਜੇਮਜ਼ ਮੈਟਿਸ ਨੇ ਮੈਕਸੀਕੋ ਨਾਲ ਲੱਗੀ ਸਰਹੱਦ 'ਤੇ 800 ਵਾਧੂ ਸੈਨਿਕ ਤਾਇਨਾਤ ਕਰਨ ਦੇ ਫੈਸਲੇ 'ਤੇ ਹਸਤਾਖ਼ਰ ਕਰ ਸਕਦੇ ਹਨ। ਇਹ ਜਵਾਨ ਮੱਧ ਅਮਰੀਕਾ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਦੇ ਕਾਫ਼ਲੇ ਨੂੰ ਰੋਕਣ ਵਿੱਚ ਮਦਦ ਕਰਨਗੇ।

ਪ੍ਰਸ਼ਾਸਕੀ ਅਫਸਰਾਂ ਨੇ ਵੀਰਵਾਰ ਨੂੰ ਕਿਹਾ ਕਿ ਤਾਇਨਾਤੀ ਦੇ ਅੰਤਮ ਖ਼ਾਕੇ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਸਿਪਾਹੀ ਕਿੱਥੋਂ ਆਉਣਗੇ ਤੇ ਉਨ੍ਹਾਂ ਦੇ ਵਿਸ਼ੇਸ਼ ਕੰਮ ਕੀ ਹੋਣਗੇ? ਕਿਆਸ ਲਾਏ ਜਾ ਰਹੇ ਹਨ ਕਿ ਪੈਂਟਾਗਨ ਸਰਗਰਮ ਡਿਊਟੀ ਵਾਲੇ ਜਵਾਨਾਂ ਦਾ ਇਸਤੇਮਾਲ ਕਰਕੇ ਇਸ ਮਿਸ਼ਨ ਉੱਤੇ ਪਾਣੀ ਵਾਂਗ ਪੈਸਾ ਵਹਾਇਆ ਜਾਏਗਾ, ਪਰ ਇਹ ਸਪੱਸ਼ਟ ਨਹੀਂ ਕਿ ਅੰਦਰੂਨੀ ਸੁਰੱਖਿਆ ਵਿਭਾਗ, ਪੇਂਟਾਗਨ ਨੂੰ ਇਸ ਦੀ ਅਦਾਇਗੀ ਕਰੇਗਾ ਜਾਂ ਨਹੀਂ।

ਅਧਿਕਾਰੀਆਂ ਮੁਤਾਬਕ, ਪੈਂਟਾਗਨ ’ਤੇ ਵ੍ਹਾਈਟ ਹਾਊਸ ਤੋਂ ਜਵਾਨਾਂ ਨੂੰ ਦੱਖਣੀ ਸਰਹੱਦ ’ਤੇ ਭੇਜਣ ਲਈ ਦਬਾਅ ਵਧ ਰਿਹਾ ਹੈ ਜਿਸ ਲਈ ਡੌਨਲਡ ਟਰੰਪ ਵਾਰ-ਵਾਰ ਹੁਕਮ ਦੇ ਰਹੇ ਹਨ। ਪ੍ਰਵਾਸੀਆਂ ਨੂੰ ਰੋਕਣ ਲਈ ਇਹ ਜਵਾਨ ਕੋਈ ਘਾਤਕ ਕਾਰਵਾਈ ਨਹੀਂ ਕਰਨਗੇ। ਇਸ ਦੀ ਬਜਾਏ, ਕੰਡਿਆਲੀ ਤਾਰ ਤੇ ਕੰਧ ਬਣਾਉਣ ਵਾਲੀ ਸਮੱਗਰੀ ਤੇ ਹੋਰ ਤਕਨੀਕਾਂ ਦੀ ਸਹਾਇਤਾ ਲਈ ਜਾ ਸਕਦੀ ਹੈ।