ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਵੱਲੋਂ ਨਵੇਂ ਸਿਰੇ ਤੋਂ ਮਿਸਾਈਲ ਦਾ ਟੈਸਟ ਕੀਤੇ ਜਾਣ ਤੋਂ ਬਾਅਦ ਦੁਨੀਆ ਦੀਆਂ ਤਾਕਤਾਂ (ਪੀ5+1) ਨਾਲ ਹੋਏ ਪਰਮਾਣੂ ਸਮਝੌਤੇ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ। ਉਨ੍ਹਾਂ ਇਰਾਨ 'ਤੇ ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ ਵੀ ਲਾਇਆ।

ਟਰੰਪ ਨੇ ਟਵੀਟ ਕੀਤਾ ਕਿ ਇਰਾਨ ਨੇ ਹੁਣੇ ਜਿਹੇ ਬੈਲਿਸਟਿਕ ਮਿਸਾਈਲ ਦਾ ਪ੍ਰੀਖਣ ਕੀਤਾ ਹੈ। ਇਹ ਮਿਸਾਈਲ ਇਜ਼ਰਾਇਲ ਤੱਕ ਅਟੈਕ ਕਰ ਸਕਦੀ ਹੈ। ਉਹ ਉੱਤਰੀ ਕੋਰੀਆ ਦੇ ਨਾਲ ਵੀ ਕੰਮ ਕਰ ਰਹੇ ਹਨ। ਹੁਣ ਸਮਝੌਤੇ ਦੀ ਕੋਈ ਜ਼ਰੂਰਤ ਨਹੀਂ ਰਹਿ ਗਈ। ਮਿਸਾਈਲ 2000 ਕਿਲੋਮੀਟਰ ਤੱਕ ਹਮਲਾ ਕਰ ਸਕਦੀ ਹੈ।

ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾ ਸਭਾ ਦੀ ਸਾਲਾਨਾ ਬੈਠਕ ਤੋਂ ਬਾਅਦ ਇਸ ਮਿਸਾਈਲ ਦਾ ਪ੍ਰੀਖਣ ਹੋਇਆ ਹੈ। ਇਸ ਬੈਠਕ ਦੌਰਾਨ ਟਰੰਪ ਨੇ ਇਰਾਨ 'ਤੇ ਇਲਜ਼ਾਮ ਲਾਇਆ ਸੀ ਕਿ ਉਹ ਮੱਧ ਏਸ਼ੀਆ ਦੀ ਸ਼ਾਂਤੀ ਨੂੰ ਨੁਕਸਾਨ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਰਾਨ ਨੂੰ ਇਕ ਦੁਸ਼ਟ ਮੁਲਕ ਦੱਸਿਆ ਸੀ, ਜਿਸ ਦਾ ਕੰਮ ਹਿੰਸਾ ਫਲਾਉਣਾ, ਲੋਕਾਂ ਦਾ ਖੂਨ ਬਹਾਉਣਾ ਤੇ ਹੰਗਾਮਾ ਕਰਨਾ ਹੈ। ਇਰਾਨ ਵੱਲੋਂ ਕੀਤੇ ਪਿਛਲੇ ਮਿਸਾਇਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਉਸ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ ਸਨ।