ਵਾਸ਼ਿੰਗਟਨ: ਅਮਰੀਕਾ ਦੀ ਟਰੰਪ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਦੀ ਲੰਮੀ ਸੂਚੀ ਜਾਰੀ ਕੀਤੀ ਹੈ। ਨਵੇਂ ਨਿਯਮਾਂ ਮੁਤਾਬਕ, ਹੁਣ ਵੀਜ਼ਾ ਦੇ ਚਾਹਵਾਨ ਨੂੰ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਨਾਂ ਤੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਵੀ ਦੇਣਾ ਹੋਵੇਗਾ।


ਨੇਮਾਂ ਮੁਤਾਬਕ ਟਰੰਪ ਪ੍ਰਸ਼ਾਸਨ ਤੁਹਾਡੇ ਵੱਲੋਂ ਦਿੱਤੇ ਗਏ ਸੋਸ਼ਲ ਮੀਡੀਆ ਖਾਤਿਆਂ ਦੀ ਕਦੇ ਵੀ ਜਾਂਚ ਕਰ ਸਕਦਾ ਹੈ। ਇੰਨਾ ਹੀ ਨਹੀਂ ਹੁਣ ਵੀਜ਼ਾ ਬਿਨੈਕਾਰ ਤੋਂ ਉਸ ਦੇ ਜੀਵਨ ਤੇ ਸਰੀਰ ਵਿੱਚ ਪਿਛਲੇ 15 ਸਾਲਾਂ ਵਿੱਚ ਆਈਆਂ ਤਬਦੀਲੀਆਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ। ਅਮਰੀਕੀ ਸਰਕਾਰ ਇਨ੍ਹਾਂ ਤਬਦੀਲੀਆਂ ਨੂੰ ਕੌਮੀ ਰੱਖਿਆ ਲਈ ਚੁੱਕੇ ਗਏ ਕਦਮ ਦੱਸ ਰਹੀ ਹੈ।

ਨਵੇਂ ਨਿਯਮਾਂ ਮੁਤਾਬਕ ਵੀਜ਼ਾ ਲਈ ਹੇਠ ਦਿੱਤੀਆਂ ਚੀਜ਼ਾਂ ਲੋੜੀਂਦੀਆਂ ਹਨ-

  • 5 ਸਾਲਾਂ ਦਾ ਸੋਸ਼ਲ ਮੀਡੀਆ ਰਿਕਾਰਡ

  • ਪੁਰਾਣੇ ਪਾਸਪੋਰਟ ਦੇ ਨੰਬਰ ਤੇ ਬਿਓਰਾ

  • ਈ-ਮੇਲ ਪਤਾ, ਫ਼ੋਨ ਨੰਬਰ ਜਿਹੜੇ ਪਿਛਲੇ 5 ਸਾਲਾਂ 'ਚ ਵਰਤੇ ਹੋਣ

  • 15 ਸਾਲ ਦੀ ਜਾਣਕਾਰੀ (ਬਾਇਓਲੌਜੀਕਲ ਇਨਫਾਰਮੇਸ਼ਨ) ਜਿਵੇਂ ਕਿੱਥੇ-ਕਿੱਥੇ ਰਹੇ, ਕਿੱਥੇ ਪੜ੍ਹੇ ਜਾਂ ਨੌਕਰੀ ਕੀਤੀ ਤੇ ਕਿੱਥੇ-ਕਿੱਥੇ ਘੁੰਮੇ


ਇਹ ਸਾਰੇ ਨਿਯਮ ਹੁਣ ਪੁਰਾਣਿਆਂ ਨਿਯਮਾਂ ਦੇ ਨਾਲ ਲਾਗੂ ਕੀਤੇ ਗਏ ਹਨ। ਹੁਣ ਹਰ ਕਿਸਮ ਦਾ ਵੀਜ਼ਾ ਅਪਲਾਈ ਕਰਨ ਲਈ ਇਨ੍ਹਾਂ ਨੇਮਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ, ਇਹ ਤਬਦੀਲੀਆਂ ਮਾਰਚ 2018 ਵਿੱਚ ਪ੍ਰਸਤਾਵਿਤ ਸਨ ਪਰ ਇਸ ਨੂੰ ਹੁਣ ਪ੍ਰਵਾਨਗੀ ਦਿੱਤੀ ਗਈ ਹੈ। ਪਿਛਲੇ ਸਾਲ ਅਮਰੀਕਾ ਦੇ ਵੀਜ਼ਾ ਲਈ ਦੁਨੀਆ ਭਰ ਤੋਂ ਤਕਰੀਬਨ ਡੇਢ ਕਰੋੜ ਐਪਲੀਕੇਸ਼ਨਜ਼ ਆਈਆਂ ਸਨ, ਪਰ ਹੁਣ ਬਿਨੈਕਾਰ ਦਾ ਸੋਸ਼ਲ ਮੀਡੀਆ ਦੱਸੇਗਾ ਕਿ ਉਸ ਦੀ ਇੰਮੀਗ੍ਰੇਸ਼ਨ ਹੋ ਸਕਦੀ ਹੈ ਜਾਂ ਨਹੀਂ।