ਅੰਮ੍ਰਿਤਸਰ: ਪਾਕਿਸਤਾਨ ਸਰਕਾਰ ਨੇ ਇਸ ਵਾਰ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਨਹੀਂ ਦਿੱਤੇ ਤੇ ਪਾਸਪੋਰਟ ਬੇਰੰਗ ਮੋੜ ਦਿੱਤੇ। ਇਹ ਪਹਿਲੀ ਵਾਰ ਹੋਇਆ ਹੈ ਕਿ 400 ਤੋਂ ਵੱਧ ਬਿਨੈਕਾਰਾਂ, ਜਿਨ੍ਹਾਂ ਵਿੱਚ ਪੰਜ ਪਿਆਰੇ ਵੀ ਸ਼ਾਮਲ ਹਨ, ਨੂੰ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਨੇ ਵੀਜ਼ਾ ਰੱਦ ਕੀਤਾ ਹੈ। ਪਾਕਿਸਤਾਨ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭੇਜਦੀਆਂ ਹਨ।


ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ਮਨਾਉਣ 1,227 ਸ਼ਰਧਾਲੂ ਜਾਣਗੇ ਪਾਕਿਸਤਾਨ

ਪਾਕਿਸਤਾਨ ਸਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਿਰਕਤ ਕਰਨ ਲਈ ਕੁੱਲ 3800 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤੇ ਗਏ ਹਨ। ਇਸੇ ਸਾਲ ਵਿਸਾਖੀ ਮੌਕੇ ਭਾਰਤੀ ਨਾਗਰਿਕ ਕਿਰਨ ਬਾਲਾ ਵੱਲੋਂ ਪਾਕਿਸਤਾਨ ਜਾ ਕੇ ਧਰਮ ਬਦਲਣ ਤੇ ਨਿਕਾਹ ਕਰਵਾਉਣ ਤੋਂ ਬਾਅਦ ਹੁਣ ਉੱਥੋਂ ਦੀ ਸਰਕਾਰ ਨੇ ਸਖ਼ਤੀ ਕਰ ਦਿੱਤੀ ਹੈ। ਇਸ ਵਾਰ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਕਿਸੇ ਕਿਸਮ ਦੀ ਖਰੀਦੋ-ਫ਼ਰੋਖ਼ਤ ਦੀ ਵੀ ਇਜਾਜ਼ਤ ਨਹੀਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰੂਪ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਨੇ ਇਸ ਵਾਰ 1227 ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਹੈ ਜਦਕਿ 403 ਜਣਿਆਂ ਦੇ ਵੀਜ਼ੇ ਬਿਨੈ ਪੱਤਰ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਪੰਜ ਪਿਆਰਿਆਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਸੀ, ਪਰ ਤਿੰਨ ਪਿਆਰਿਆਂ ਨੂੰ ਵੀਜ਼ਾ ਨਹੀਂ ਮਿਲਿਆ।

ਸਬੰਧਤ ਖ਼ਬਰ: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ

ਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਨੌਜਵਾਨ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਵੀਜ਼ਾ ਪ੍ਰਣਾਲੀ ਵਿੱਚ ਰਿਆਇਤ ਦੀ ਅਪੀਲ ਕੀਤੀ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਭਲਕੇ 21 ਨਵੰਬਰ ਨੂੰ ਪਾਕਿਸਤਾਨ ਦੇ ਗੁਰਧਾਮਾਂ ਲਈ ਰਵਾਨਾ ਕੀਤਾ ਜਾਏਗਾ ਤੇ 30 ਤਾਰੀਖ਼ ਨੂੰ ਇਹ ਸ਼ਰਧਾਲੂ ਵਾਪਸ ਪਰਤਣਗੇ।