ਨਵੀਂ ਦਿੱਲੀ: ਰਿਟੇਲ ਸੈਕਟਰ ਦੀ ਵੱਡੀ ਅਮਰੀਕੀ ਕੰਪਨੀ ਵਾਲਮਾਰਟ ਨੇ ਭਾਰਤ ਦੀ ਵੱਡੀ ਕੰਪਨੀ ਫਲਿੱਪਕਾਰਟ ਨੂੰ ਖਰੀਦ ਲਿਆ ਹੈ। ਜਲਦ ਹੀ ਸੌਦੇ ਦਾ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਇਹ ਸੌਦਾ ਕਰੀਬ-ਕਰੀਬ 12-15 ਅਰਬ ਡਾਲਰ ਵਿੱਚ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਅਗਲੇ ਹਫਤੇ ਇਸ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

 

ਸੂਤਰਾਂ ਦਾ ਕਹਿਣਾ ਹੈ ਕਿ ਵਾਲਮਾਰਟ ਇਸ ਭਾਰਤੀ ਕੰਪਨੀ ਵਿੱਚ 72-73 ਫ਼ੀ ਸਦੀ ਦੀ ਹਿੱਸੇਦਾਰੀ ਖਰੀਦ ਸਕਦੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੌਦੇ ਨੂੰ ਅੰਤਮ ਰੂਪ ਦਿੱਤਾ ਜਾ ਚੁੱਕਿਆ ਹੈ। ਇਨ੍ਹਾਂ ਦੋਹਾਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਮਿਲ ਗਈ ਹੈ।

ਇੱਕ ਬਿਜ਼ਨੈਸ ਚੈਨਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਲਿੱਪਕਾਰਟ ਆਨਲਾਇਨ ਸਰਵਿਸ ਵਿੱਚ ਆਪਣੀ 75 ਫ਼ੀ ਸਦੀ ਹਿੱਸੇਦਾਰੀ ਵਾਲਮਾਰਟ ਦੀ ਲੀਡਰਸ਼ਿਪ ਵਾਲੇ ਗਰੁੱਪ ਨੂੰ ਵੇਚ ਦੇਵੇਗਾ। ਇਹ ਸੌਦਾ 15 ਅਰਬ ਡਾਲਰ ਵਿੱਚ ਫਾਇਨਲ ਹੋ ਚੁੱਕਿਆ ਹੈ।

ਖਾਸ ਗੱਲ ਇਹ ਹੈ ਕਿ ਜੇਕਰ ਇਹ ਡੀਲ ਹੁੰਦੀ ਹੈ ਤਾਂ ਦੁਨੀਆ ਦੇ ਤਿੰਨ ਰਿਟੇਲਰ ਭਾਰਤੀ ਬਾਜ਼ਾਰ ਵਿੱਚ ਇੱਕ-ਦੂਜੇ ਖਿਲਾਫ ਜੰਗ ਲੜਣਗੇ। ਇਸ ਵਿੱਚ ਅਮਰੀਕੀ ਅਮੇਜ਼ਨ ਤੋਂ ਇਲਾਵਾ ਚੀਨ ਦੀ ਕੰਪਨੀ ਅਲੀਬਾਬਾ ਵੀ ਭਾਰਤ ਵਿੱਚ ਬਿਜ਼ਨੇਸ ਕਰ ਰਹੀ ਹੈ।