ਅਮਰੀਕਾ ਦੇ ਜੌਰਜੀਆ, ਓਕਲਾਹੋਮਾ ਤੇ ਅਲਾਸਕਾ ਸੂਬਿਆਂ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨੁਕਸਾਨ ਝੱਲਣ ਵਾਲੇ ਉਦਯੋਗਾਂ ਨੂੰ ਲੌਕਡਾਊਨ 'ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਮਰੀਕਾ 'ਚ ਮ੍ਰਿਤਕਾਂ ਦੀ ਗਿਣਤੀ 52,000 ਦਾ ਅੰਕੜਾ ਪਾਰ ਕਰ ਗਈ ਹੈ। ਸਿਹਤ ਮਾਹਿਰਾਂ ਨੇ ਅਜਿਹੇ ਕਦਮਾਂ 'ਚ ਜਲਦਬਾਜ਼ੀ ਦਿਖਾਉਣ ਲਈ ਚੇਤਾਵਨੀ ਦਿੱਤੀ ਹੈ।

Continues below advertisement



ਇਹ ਖ਼ਬਰ ਉਸ ਵੇਲੇ ਆਈ ਹੈ ਜਦੋਂ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਇਸ ਵਾਇਰਸ ਦਾ ਪ੍ਰਕੋਪ ਘੱਟ ਹੋਣਾ ਸ਼ੁਰੂ ਹੋਇਆ ਹੈ। ਚੀਨ 'ਚ ਸ਼ਨੀਵਾਰ ਲਗਾਤਾਰ ਦਸਵੇਂ ਦਿਨ ਮੌਤ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤੇ ਪੀੜਤਾਂ ਦੇ ਮਹਿਜ਼ 12 ਨਵੇਂ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ 'ਚ 11 ਵਿਦੇਸ਼ ਤੋਂ ਆਏ ਮਾਮਲੇ ਹਨ।



ਚੀਨ 'ਚ ਫਿਲਹਾਲ ਕੋਵਿਡ-19 ਦੇ 838 ਮਰੀਜ਼ ਹਸਪਤਾਲ 'ਚ ਭਰਤੀ ਹਨ ਜਦਕਿ 1000 ਲੋਕ ਕੁਆਰੰਟੀਨ 'ਚ ਹਨ ਉਨ੍ਹਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਚੀਨ 'ਚ ਕੋਰੋਨਾ ਵਾਇਰਸ ਦੇ ਕੁੱਲ 82,816 ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ਚੋਂ 4,632 ਲੋਕਾਂ ਦੀ ਮੌਤ ਹੋਈ ਹੈ। ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ।



ਭਾਰਤ 'ਚ ਕੋਰੋਨਾ ਵਾਇਰਸ ਦੇ 24,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤੇ 775 ਲੋਕ ਜਾਨ ਜਵਾ ਚੁੱਕੇ ਹਨ। ਪਿਛਲੇ ਹਫ਼ਤੇ ਭਾਰਤ ਨੇ ਪੇਂਡੂ ਖੇਤਰਾਂ 'ਚ ਨਵ ਉਸਾਰੀ ਤੇ ਖੇਤੀ ਸਬੰਧੀ ਗਤੀਵਿਧੀਆਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਸੀ ਕਿਉਂਕਿ ਲੱਖਾਂ ਦਿਹਾੜੀ ਮਜ਼ਦੂਰਾਂ ਦੀ ਆਮਦਨੀ ਬੰਦ ਹੋ ਗਈ ਸੀ।



ਫਰਾਂਸ 'ਚ ਸਰਕਾਰ ਬੱਚਿਆਂ ਦੇ ਮਾਪਿਆਂ 'ਤੇ ਇਹ ਫੈਸਲਾ ਛੱਡ ਰਹੀ ਹੈ ਕਿ 11 ਮਈ ਨੂੰ ਦੇਸ਼ਵਿਆਪੀ ਲੌਕਡਾਊਨ ਖੁੱਲ੍ਹਣ ਤੇ ਬੱਚਿਆਂ ਨੂੰ ਘਰਾਂ 'ਚ ਰੱਖਣਾ ਜਾਂ ਸਕੂਲ ਭੇਜਿਆ ਜਾਵੇ। ਬੈਲਜੀਅਮ ਨੇ ਐਲਾਨ ਕੀਤਾ ਕਿ ਤਿੰਨ ਮਈ ਤੋਂ ਬਾਅਦ ਹਸਪਤਾਲਾਂ ਨੂੰ ਕੁਝ ਗੈਰ-ਜ਼ਰੂਰੀ ਕੰਮਾਂ ਲਈ ਖੋਲ੍ਹਿਆ ਜਾਵੇਗਾ ਤੇ ਕੱਪੜੇ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ।



ਡੈਨਮਾਰਕ 'ਚ ਛੋਟੇ ਬੱਚਿਆਂ ਲਈ ਸਕੂਲ ਫਿਰ ਤੋਂ ਖੋਲ੍ਹ ਦਿੱਤੇ ਗਏ ਹਨ ਜਦਕਿ ਸਪੇਨ 'ਚ ਐਤਵਾਰ ਦੇਸ਼ ਖੋਲ੍ਹਣਾ ਸ਼ੁਰੂ ਕੀਤਾ ਜਾਵੇਗਾ ਤੇ ਬੱਚਿਆਂ ਨੂੰ ਸਕੂਲ ਭੇਜਣ ਦਾ ਫੈਸਲਾ ਮਾਤਾ-ਪਿਤਾ ਲੈਣਗੇ। ਇਟਲੀ, ਸਪੇਨ ਤੇ ਫਰਾਂਸ ਤੋਂ ਬਾਅਦ ਬ੍ਰਿਟੇਨ ਯੂਰਪ ਦਾ ਚੌਥਾ ਦੇਸ਼ ਹੈ ਜਿੱਥੇ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਉਸਨੇ ਅਜੇ ਲੌਕਡਾਊਨ ਸਬੰਧੀ ਨਿਯਮਾਂ 'ਚ ਬਦਲਾਅ 'ਤੇ ਕੋਈ ਫੈਸਲਾ ਨਹੀਂ ਲਿਆ।



ਅਮਰੀਕਾ 'ਚ ਜੌਰਜੀਆ ਤੇ ਓਕਲਾਹੋਮਾ 'ਚ ਰਿਪਬਲਿਕਨ ਗਵਰਨਰਾਂ ਨੇ ਸੈਲੂਨ, ਸਪਾ ਤੇ ਨਾਈ ਦੀਆਂ ਦੁਕਾਨਾਂ ਫਿਰ ਤੋਂ ਖੋਲ੍ਹਣ ਨੂੰ ਮਨਜੂਰੀ ਦੇ ਦਿੱਤੀ ਹੈ ਜਦਕਿ ਅਲਾਸਕਾ ਨੇ ਰੈਸਟੋਰੈਂਟ, ਪਰਚੂਨ ਦੀਆਂ ਦੁਕਾਨਾਂ ਤੇ ਹੋਰ ਕਾਰੋਬਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਹਾਲਾਂਕਿ ਉਸਨੇ ਕੁਝ ਇਲਾਕਿਆਂ 'ਚ ਸਖ਼ਤ ਨਿਯਮ ਲਾਗੂ ਹਨ।