ਚੰਡੀਗੜ੍ਹ: ਅਮਰੀਕਾ ਦੇ ਐਰੀਜ਼ੋਨਾ ਸਥਿਤ ਹੇਸਿੰਡਾ ਹੈਲਥ ਕੇਅਰ ਵਿੱਚ ਕਰੀਬ 14 ਸਾਲਾਂ ਤੋਂ ਕੋਮਾ ਵਿੱਚ ਪਈ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਮਹਿਲਾ ਨਾਲ ਜਿਣਸੀ ਸੋਸ਼ਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਸਪਤਾਲ ਦੇ ਸਟਾਫ ’ਤੇ ਇਸ ਤੋਂ ਪਹਿਲਾਂ ਵੀ ਕਈ ਇਲਜ਼ਾਮ ਲੱਗ ਚੁੱਕੇ ਹਨ। ਇਸ ਕਰਕੇ 5 ਸਾਲ ਪਹਿਲਾਂ ਹਸਪਤਾਲ ਨੂੰ ਦਿੱਤੀ ਜਾਂਦੀ ਫੰਡਿੰਗ ਰੋਕ ਦਿੱਤੀ ਗਈ ਸੀ।

ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਪਿਛਲੇ 14 ਸਾਲਾਂ ਤੋਂ ਹੈਲਥ ਕੇਅਰ ਸੈਂਟਰ ਵਿੱਚ ਦਾਖ਼ਲ ਹੈ। ਪਾਣੀ ਵਿੱਚ ਡੁੱਬਣ ਕਰਕੇ ਉਸ ਦੇ ਦਿਮਾਗ਼ ਨੁਕਸਾਨਿਆ ਗਿਆ ਸੀ। ਹਾਲਤ ਇੰਨੀ ਖ਼ਰਾਬ ਹੈ ਕ ਉਸ ਨੂੰ 24 ਘੰਟੇ ਦੇਖ਼ਭਾਲ ਦੀ ਲੋੜ ਹੈ। ਸਟਾਫ਼ ਦਿਨ ’ਚ ਕਈ ਵਾਰ ਉਸ ਦਾ ਚੈਕਅੱਪ ਕਰਦਾ ਹੈ।

ਸਟਾਫ਼ ’ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲੱਗਣ ਕਰਕੇ ਹੈਲਥ ਕੇਅਰ ਸੈਂਟਰ ਨੇ ਨਿਯਮਾਂ ਵਿੱਚ ਬਦਲਾਅ ਕਰ ਦਿੱਤੇ ਹਨ। ਹੁਣ ਪੁਰਸ਼ ਸਟਾਫ ਦੇ ਨਾਲ ਮਹਿਲਾ ਸਟਾਫ ਵੀ ਮੌਜੂਦ ਰਹੇਗਾ। ਸਟਾਫ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਮਰੀਜ਼ਾਂ ਦੀ ਸੁਰੱਖਿਆ ਦਾ ਵੀ ਖ਼ਿਆਲ ਰੱਖਿਆ ਜਾਏਗਾ। ਇਸ ਮਾਮਲੇ ਦੀ ਜਾਂਚ ਲਈ ਸਟਾਫ ਵੱਲੋਂ ਹਰ ਸੰਭਵ ਯੋਗਦਾਨ ਦਿੱਤਾ ਜਾ ਰਿਹਾ ਹੈ।