ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਪਾਕਿਸਤਾਨ ਦੀਆਂ ਉਨ੍ਹਾਂ ਮੀਡੀਆ ਰਿਪੋਰਟਸ ਨੂੰ ਗ਼ਲਤ ਦੱਸਿਆ ਹੈ ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਮਨੀ ਲੌਂਡ੍ਰਿੰਗ ਦੇ ਇਲਜ਼ਾਮ ਲੱਗੇ ਸਨ। ਸ਼ਰੀਫ਼ 'ਤੇ 3,29,96,60,00,000 ਰੁਪਏ (4.9 ਅਰਬ ਡਾਲਰ) ਭਾਰਤ ਭੇਜਣ ਦੇ ਇਲਜ਼ਾਮ ਲੱਗੇ ਸਨ।

 

ਵਿਸ਼ਵ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਮੀਡੀਆ ਵਿੱਚ ਕੌਮਾਂਤਰੀ ਬੈਂਕ ਦੀ 2016 ਦੀ ਰਿਪੋਰਟ ਦੇ ਆਧਾਰ 'ਤੇ ਕੁਝ ਖ਼ਬਰਾਂ ਪਾਕਿਸਤਾਨੀ ਮੀਡੀਆ ਵਿੱਚ ਆਈਆਂ ਸਨ, ਜੋ ਗ਼ਲਤ ਹਨ। ਵਿਸ਼ਵ ਬੈਂਕ ਨੇ ਕਿਹਾ ਕਿ ਰਿਪੋਰਟ ਵਿੱਚ ਮਨੀ ਲੌਂਡ੍ਰਿੰਗ ਦੀ ਕੋਈ ਵੀ ਗੱਲ ਸ਼ਾਮਲ ਨਹੀਂ ਕੀਤੀ ਗਈ ਹੈ ਤੇ ਨਾ ਹੀ ਕਿਸੇ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ਵਿੱਚ ਇਲਜ਼ਾਮ ਹੈ ਕਿ ਨਵਾਜ਼ ਸ਼ਰੀਫ਼ ਨੇ ਭਾਰਤ ਵਿੱਚ ਕਥਿਤ ਤੌਰ 'ਤੇ 4.9 ਅਰਬ ਡਾਲਰ ਗ਼ੈਰ ਕਾਨੂੰਨੀ ਤਰੀਕੇ ਨਾਲ ਜਮ੍ਹਾ ਕੀਤੇ ਹੋਏ ਹਨ। ਇਸ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਵਿਸ਼ਵ ਬੈਂਕ ਦੇ ਮਾਈਗ੍ਰੇਸ਼ਨ ਐਂਡ ਰੈਮਿਟੈਂਸ ਬੁੱਕ 2016 ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪੈਸਿਆਂ ਨੂੰ ਭਾਰਤੀ ਵਿੱਤ ਮੰਤਰਾਲੇ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਜਮ੍ਹਾ ਕਰਵਾਇਆ ਗਿਆ ਹੈ ਜਿਸ ਨਾਲ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵਧ ਗਿਆ ਹੈ ਤੇ ਪਾਕਿਸਤਾਨ ਨੂੰ ਇਸ ਨਾਲ ਨੁਕਸਾਨ ਹੋਇਆ ਹੈ।

ਆਪਣੇ ਹੀ ਦੇਸ਼ ਵਿੱਚ ਫਰਾਰ ਚੱਲ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 'ਤੇ ਮਨੀ ਲੌਂਡ੍ਰਿੰਗ ਦੇ ਇਲਜ਼ਾਮ ਲੱਗੇ ਹਨ। ਪਾਕਿਸਤਾਨ ਦੇ ਜੀਓ ਨਿਊਜ਼ ਮੁਤਾਬਕ ਨੈਸ਼ਨਲ ਅਕਾਉਂਟੇਬਿਲੀਟੀ ਬਿਊਰੋ (NAB) ਨੇ ਇੱਕ ਮੀਡੀਆ ਰਿਪੋਰਟ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਹਨ। ਭ੍ਰਿਸ਼ਟਾਚਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਸੀ, ਗ੍ਰਿਫ਼ਤਾਰੀ ਦੇ ਡਰੋਂ ਸ਼ਰੀਫ਼ ਆਪਣਾ ਦੇਸ਼ ਛੱਡ ਕੇ ਪੂਰੇ ਪਰਿਵਾਰ ਸਮੇਤ ਲੰਦਨ ਵਿੱਚ ਰਹਿ ਰਹੇ ਹਨ।