ਚੰਡੀਗੜ੍ਹ: 1915 ਵਿੱਚ ਕੈਨੇਡੀਅਨ ਫ਼ੌਜ ’ਚ ਭਰਤੀ ਹੋ ਕੇ ਪਹਿਲੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਅਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਹਿਲੇ ਸਿੱਖ ਫ਼ੌਜੀ ਬੁੱਕਨ ਸਿੰਘ ਦੀ ਕਬਰ ’ਤੇ ਸਿੱਖ ਭਾਈਚਾਰੇ ਵੱਲੋਂ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਕੈਨੇਡਾ ਦੀ ਸਾਬਕਾ ਮੰਤਰੀ ਤੇ ਮੌਜੂਦਾ ਲੀਡਰ ਆਫ਼ ਦਾ ਹਾਊਸ, ਬਰਦੀਸ਼ ਚੱਗੜ ਨੇ ਉਨ੍ਹਾਂ ਦੀ ਕਬਰ `ਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਕੈਨੇਡੀਅਨ ਫ਼ੌਜ ਦੇ ਕਈ ਅਫ਼ਸਰ ਤੇ ਸਥਾਨਕ ਸਿਟੀ ਕੌਂਸਲ ਦੇ ਮੇਅਰ ਸਮੇਤ ਵੱਡੀਆਂ ਹਸਤੀਆਂ ਹਾਜ਼ਰ ਸਨ।
ਦੱਸਣਯੋਗ ਹੈ ਕਿ ਫਰਾਂਸ ਵਿੱਚ ਕੈਨੇਡੀਅਨ ਫ਼ੌਜ ਵੱਲੋਂ ਲੜਦਿਆਂ ਬੁੱਕਨ ਸਿੰਘ ਸੰਨ 1916 ਤੇ 1917 ਵਿੱਚ ਦੋ ਵਾਰ ਜਖ਼ਮੀ ਹੋਏ। ਇਸ ਤੋਂ ਬਾਅਦ ਟੀਬੀ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ। ਸੰਨ 1919 ਵਿੱਚ ਸਥਾਨਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਸ ਵੇਲੇ ਉਨ੍ਹਾਂ ਦੇ ਧਰਮ ਦਾ ਪਤਾ ਨਾ ਹੋਣ ਕਰਕੇ ਉਨ੍ਹਾਂ ਨੂੰ ਕਿਚਨਰ ਵਿੱਚ ਸਥਿਤ ਮਾਊਂਟ ਹੋਪ ਸਿਮਿੱਟਰੀ ਵਿੱਚ ਬਾਕੀ ਫ਼ੌਜੀਆਂ ਨਾਲ ਦਫ਼ਨਾ ਦਿੱਤਾ ਗਿਆ ਸੀ। ਬਰੈਂਪਟਨ ਨਿਵਾਸੀ, ਸੰਦੀਪ ਸਿੰਘ ਬਰਾੜ ਨੇ ਉਨ੍ਹਾਂ ਦੀ ਕਬਰ ਨੂੰ 11 ਸਾਲ ਪਹਿਲਾਂ ਲੱਭਿਆ ਸੀ।
ਸੰਦੀਪ ਸਿੰਘ ਬਰਾੜ ਨੂੰ ਫ਼ੌਜੀ ਵਸਤਾਂ ਦੀ ਖੋਜ ਕਰਨ ਦਾ ਸ਼ੌਕ ਹੈ ਤੇ ਇੰਟਰਨੈੱਟ `ਤੇ ਉਸ ਨੂੰ ਬੁੱਕਨ ਸਿੰਘ ਦਾ ਵਿਕਟਰੀ ਮੈਡਲ ਮਿਲਿਆ ਸੀ। ਇਸ ਮੈਡਲ ਜ਼ਰੀਏ ਹੀ ਹੋਰ ਛਾਣਬੀਣ ਕਰਨ ਪਿੱਛੋਂ ਉਸ ਨੂੰ ਬੁੱਕਨ ਸਿੰਘ ਦੀ ਕਬਰ ਦਾ ਵੀ ਪਤਾ ਲੱਗ ਗਿਆ। ਉਸ ਸਮੇਂ ਸਿੱਖਾਂ ਨੂੰ ਕੈਨੇਡੀਅਨ ਫ਼ੌਜ ਵਿੱਚ ਆਪਣੇ ਧਰਮ ਸਮੇਤ ਭਰਤੀ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਦਸਤਾਵੇਜ਼ਾਂ ਵਿੱਚ ਬੁੱਕਨ ਸਿੰਘ ਦਾ ਧਰਮ ਇਸਾਈ ਹੀ ਲਿਖਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਕੁੱਲ 9 ਸਿੱਖ ਫ਼ੌਜੀਆਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਕੈਨੇਡੀਅਨ ਫ਼ੌਜ ਦੀ ਨੁਮਾਂਇੰਦਗੀ ਕੀਤੀ ਸੀ ਪਰ ਬਾਕੀ 8 ਫ਼ੌਜੀਆਂ ਬਾਰੇ ਹਾਲੇ ਤਕ ਵੀ ਕੋਈ ਜਾਣਕਾਰੀ ਉਪਲਬਧ ਨਹੀਂ ਹੋਈ।