Sagar Sarhadi Death: ਬਾਲੀਵੁੱਡ ਦੇ ਲੇਖਕ ਤੇ ਫ਼ਿਲਮਸਾਜ਼ ਸਾਗਰ ਸਰਹੱਦੀ ਨਹੀਂ ਰਹੇ
ਚੰਡੀਗੜ੍ਹ ( ਮਹਿਤਾਬ-ਉਦ-ਦੀਨ ) : ਬਾਲੀਵੁੱਡ ਦੇ ਉੱਘੇ ਲੇਖਕ ਤੇ ਫ਼ਿਲਮਸਾਜ਼ ਸਾਗਰ ਸਰਹੱਦੀ ਦਾ ਦੇਹਾਂਤ ਹੋ ਗਿਆ ਹੈ। ਉਹ 88 ਸਾਲਾਂ ਦੇ ਸਨ ਤੇ ਉਹ ਬਿਰਧ ਅਵਸਥਾ ਕਾਰਨ ਕਾਫ਼ੀ ਕਮਜ਼ੋਰ ਹੋ ਗਏ ਸਨ। ਇਸੇ ਲਈ ਉਨ੍ਹਾਂ ਨੂੰ ਕੁਝ ਮੈਡੀਕਲ ਗੁੰਝਲਾਂ ਵੀ ਪੈਦਾ ਹੋ ਗਈਆਂ ਸਨ। ਉਨ੍ਹਾਂ ਐਤਵਾਰ ਦੇਰ ਰਾਤੀਂ ਆਖ਼ਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਦੇ ਸੀਓਨ ਸ਼ਮਸ਼ਾਨਘਾਟ ’ਚ ਕਰ ਦਿੱਤਾ ਗਿਆ ਹੈ।
Download ABP Live App and Watch All Latest Videos
View In Appਸਾਗਰ ਸਰਹੱਦੀ ਦਾ ਅਸਲ ਨਾਂਅ ਗੰਗਾ ਸਾਗਰ ਤਲਵਾਰ ਸੀ ਤੇ ਉਨ੍ਹਾਂ ਦਾ ਜਨਮ 11 ਮਈ, 1933 ਨੂੰ ਐਬਟਾਬਾਦ (ਹੁਣ ਪਾਕਿਸਤਾਨ) ਵਿੱਚ ਪਿਤਾ ਦਾਨ ਸਿੰਘ ਤਲਵਾਰ ਤੇ ਮਾਤਾ ਪ੍ਰੇਮ ਦੇਵੀ ਦੇ ਘਰ ਹੋਇਆ ਸੀ। ਉੱਘੇ ਫ਼ਿਲਮਸਾਜ਼ ਰਮੇਸ਼ ਤਲਵਾਰ ਉਨ੍ਹਾਂ ਦੇ ਭਤੀਜੇ ਹਨ। ਉਨ੍ਹਾਂ ਨੇ ਹੀ ਮੀਡੀਆ ਨੂੰ ਸਾਗਰ ਸਰਹੱਦੀ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਦਿੱਤੀ।
ਸਾਗਰ ਸਰਹੱਦੀ ਨੇ ਉਰਦੂ ਭਾਸ਼ਾ ’ਚ ਨਿੱਕੀਆਂ ਕਹਾਣੀਆਂ ਲਿਖਣ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ 1976 ’ਚ ਯਸ਼ ਚੋਪੜਾ ਦੀ ਸੁਪਰਹਿੱਟ ਫ਼ਿਲਮ ‘ਕਭੀ ਕਭੀ’ ਦੀ ਕਹਾਣੀ ਲਿਖਣ ਦਾ ਸੁਭਾਗ ਹਾਸਲ ਹੋਇਆ ਸੀ; ਜੋ ਬਾਲੀਵੁੱਡ ਵਿੱਚ ਉਨ੍ਹਾਂ ਦੀ ਬਹੁਤ ਵੱਡੀ ਸ਼ੁਰੂਆਤ ਸੀ। ਫਿਰ ਉਨ੍ਹਾਂ ਨੇ ‘ਸਿਲਸਿਲਾ’ ਤੇ ‘ਚਾਂਦਨੀ’ ਫ਼ਿਲਮ ਦੀਆਂ ਕਹਾਣੀਆਂ ਵੀ ਲਿਖੀਆਂ।
1982 ’ਚ ਬਣੀ ਆਰਟ ਫ਼ਿਲਮ ‘ਬਾਜ਼ਾਰ’ ਦਾ ਬਾਲੀਵੁੱਡ ਵਿੱਚ ਆਪਣਾ ਇੱਕ ਮੁਕਾਮ ਹੈ। ਅੱਜ ਵੀ ਇਸ ਫ਼ਿਲਮ ਦਾ ਹਵਾਲਾ ਦਿੱਤਾ ਜਾਂਦਾ ਹੈ। ਇਹ ਫ਼ਿਲਮ ਸਾਗਰ ਸਰਹੱਦੀ ਦੀ ਆਪਣੀ ਪ੍ਰੋਡਕਸ਼ਨ ਸੀ।
ਸ਼ਾਹਰੁਖ਼ ਖਾਨ ਦੀ ਫ਼ਿਲਮ ‘ਦੀਵਾਨਾ’ (1992) ਤੇ ਰਿਤਿਕ ਰੌਸ਼ਨ ਦੀ ਫ਼ਿਲਮ ‘ਕਹੋ ਨਾ ਪਿਆਰ ਹੈ’ ਦੇ ਡਾਇਲੌਗ ਵੀ ਸਾਗਰ ਸਰਹੱਦੀ ਨੇ ਹੀ ਲਿਖੇ ਸਨ।
ਸਾਗਰ ਸਰਹੱਦੀ ਦੀਆਂ ਹੋਰ ਚਰਚਿਤ ਫ਼ਿਲਮਾਂ ਸਨ: ਜ਼ਿੰਦਗੀ (1976), ਨੂਰੀ (1979), ਰੰਗ (1993), ਕਰਮਯੋਗੀ, ਕਾਰੋਬਾਰ, ਚੌਸਰ। ਉਨ੍ਹਾਂ ਸਕ੍ਰਿਪਟ ਰਾਈਟਰ ਵਜੋਂ ਖ਼ੂਬ ਨਾਮਣਾ ਖੱਟਿਆ।