ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (25-08-2023)
ਗੂਜਰੀ ਮਹਲਾ ੫ ॥ ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥
ਗੂਜਰੀ ਮਹਲਾ ੫ ॥ ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥ ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥ ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥ ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥ ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥
ਪਹਿ = ਪਾਸ, ਕੋਲ। ਕਰਉ = ਕਰਉਂ, ਮੈਂ ਕਰਦਾ ਹਾਂ। ਦੁਖਿ = ਦੁੱਖ ਨਾਲ। ਜਿਨਿ = ਜਿਸ (ਮਨੁੱਖ) ਨੇ। ਰਿਦੈ = ਹਿਰਦੇ ਵਿਚ। ਤਿਨਿ = ਉਸ ਨੇ। ਭਉ = ਡਰ। ਸਾਗਰੁ = ਸਮੁੰਦਰ ॥੧॥ ਕੋ ਨ = ਕੋਈ ਨਹੀਂ। ਬ੍ਰਿਥਾ = {व्यथा} ਪੀੜਾ। ਤਜਿ = ਛੱਡ ਕੇ। ਅਵਰ ਸੇਵਕੁ = ਕਿਸੇ ਹੋਰ ਦਾ ਸੇਵਕ। ਹੋਈ ਹੈ = ਬਣ ਜਾਈਏ। ਤਿਤੁ = ਉਸ (ਕੰਮ) ਵਿਚ। ਮਹਤੁ = ਵਡਿਆਈ। ਜਸੁ = ਸੋਭਾ। ਘਾਟੈ = ਘਟਦੀ ਹੈ ॥੧॥ ਕਿਤ ਹੀ ਕਾਮਿ = ਕਿਤੁ ਹੀ ਕਾਮਿ, ਕਿਸੇ ਵੀ ਕੰਮ ਵਿਚ {ਲਫ਼ਜ਼ 'ਕਿਤੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਿਆ ਹੈ}। ਸੰਗਿ = ਨਾਲ। ਬਾਂਛਤ = ਇੱਜ਼ਤ ॥੨॥
ਮੈਂ ਜਿਸ ਭੀ ਮਨੁੱਖ ਕੋਲ (ਆਪਣੇ ਦੁੱਖ ਦੀ) ਗੱਲ ਕਰਦਾ ਹਾਂ, ਉਹ ਆਪਣੇ ਦੁੱਖ ਨਾਲ ਭਰਿਆ ਹੋਇਆ ਦਿੱਸਦਾ ਹੈ (ਉਹ ਮੇਰਾ ਦੁੱਖ ਕੀਹ ਨਿਵਿਰਤ ਕਰੇ?)। ਜਿਸ ਮਨੁੱਖ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਆਰਾਧਿਆ ਹੈ, ਉਸ ਨੇ ਹੀ ਇਹ ਡਰ (-ਭਰਿਆ ਸੰਸਾਰ-) ਸਮੁੰਦਰ ਪਾਰ ਕੀਤਾ ਹੈ ॥੧॥ ਗੁਰੂ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਧਿਰ (ਕਿਸੇ ਦਾ) ਦੁੱਖ ਪੀੜ ਕੱਟ ਨਹੀਂ ਸਕਦਾ। ਪਰਮਾਤਮਾ (ਦਾ ਆਦਰਾ) ਛੱਡ ਕੇ ਜੇ ਕਿਸੇ ਹੋਰ ਦਾ ਸੇਵਕ ਬਣੀਏ ਤਾਂ ਇਸ ਕੰਮ ਵਿਚ ਇੱਜ਼ਤ ਵਡਿਆਈ ਸੋਭਾ ਘਟ ਜਾਂਦੀ ਹੈ ॥੧॥ ਰਹਾਉ॥ ਮਾਇਆ ਦੇ ਕਾਰਨ ਬਣੇ ਹੋਏ ਇਹ ਸਾਕ ਸਜਣ ਰਿਸ਼ਤੇਦਾਰ (ਦੁੱਖਾਂ ਦੀ ਨਿਵਿਰਤੀ ਵਾਸਤੇ) ਕਿਸੇ ਭੀ ਕੰਮ ਨਹੀਂ ਆ ਸਕਦੇ। ਪਰਮਾਤਮਾ ਦਾ ਭਗਤ ਜੇ ਨੀਵੀਂ ਕੁਲ ਦਾ ਭੀ ਹੋਵੇ, ਉਸ ਨੂੰ ਸ੍ਰੇਸ਼ਟ (ਜਾਣੋ), ਉਸ ਦੀ ਸੰਗਤ ਵਿਚ ਰਿਹਾਂ ਮਨ-ਇੱਛਤ ਫਲ ਹਾਸਲ ਕਰ ਲਈਦੇ ਹਨ ॥੨॥