ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (04-04-2023)
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
ਰਾਮਕਲੀ ਮਹਲਾ ੩ ਅਨੰਦੁ
ੴ ਸਤਿਗੁਰ ਪ੍ਰਸਾਦਿ ॥
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
ਪਦ ਅਰਥ: ਸਿਵ = ਚੇਤਨ ਸੱਤਾ, ਜੀਵਾਤਮਾ। ਸਕਤਿ = ਮਾਇਆ। ਆਪੇ = ਆਪ ਹੀ। ਹੁਕਮੁ = (ਇਹ) ਹੁਕਮ (ਕਿ ਜੀਵਾਂ ਉਤੇ) ਮਾਇਆ ਦਾ ਪ੍ਰਭਾਵ ਪਿਆ ਰਹੇ। ਗੁਰਮੁਖਿ = ਗੁਰੂ ਦੀ ਰਾਹੀਂ। ਕਿਸੈ = ਕਿਸੇ (ਵਿਰਲੇ) ਨੂੰ। ਬੁਝਾਏ = ਸੂਝ ਦੇਂਦਾ ਹੈ। ਮੁਕਤੁ = ਮਾਇਆ ਦੇ ਪ੍ਰਭਾਵ ਤੋਂ ਆਜ਼ਾਦ ਸੁਤੰਤਰ। ਮੰਨਿ = ਮਨ ਵਿਚ। ਗੁਰਮੁਖਿ = ਗੁਰੂ ਦੇ ਰਾਹ ਉਤੇ ਤੁਰਨ ਵਾਲਾ।
ਅਰਥ: ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਅਨੰਦ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)। ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ। (ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ। ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)। ਗੁਰੂ ਨਾਨਕ ਜੀ ਕਹਿੰਦੇ ਹਨ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ!!