ਪਰਮਜੀਤ ਸਿੰਘ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਸੋਮਵਾਰ ਨੂੰ ਮੁਕੰਮਲ ਹੋ ਗਈ। ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਵਾਲਿਆਂ ਵੱਲੋਂ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪਰਕਰਮਾਂ ਵਿੱਚ ਪਾਣੀ ਦੇ ਨਿਕਾਸ ਲਈ ਲੱਗੀਆਂ ਜਾਲੀਆਂ ਵੀ ਬਦਲੀਆਂ ਗਈਆਂ ਹਨ।

ਅੱਜ ਸੇਵਾ ਮੁਕੰਮਲ ਹੋਣ ਮੌਕੇ ਬਾਬਾ ਪ੍ਰਦੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਂਝੇ ਤੌਰ ’ਤੇ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੇਵਾ ਮੁਕੰਮਲ ਹੋਣ ਸਮੇਂ ਅਰਦਾਸ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਕੜਾਹਿ ਪ੍ਰਸ਼ਾਦਿ ਦੀ ਦੇਗ ਵੀ ਵਰਤਾਈ ਗਈ।



ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਸਾਂਭ-ਸੰਭਾਲ ਲਈ ਕੁਝ ਮਹੀਨਿਆਂ ਬਾਅਦ ਹੀ ਇਨ੍ਹਾਂ ਨੂੰ ਰੰਗ ਰੋਗਨ ਕਰਨਾ ਪੈਂਦਾ ਸੀ, ਜਿਸ ਦੇ ਮੱਦੇਨਜ਼ਰ ਬਾਬਾ ਪ੍ਰਦੀਪ ਸਿੰਘ ਵੱਲੋਂ ਸਟੀਲ ਦੇ ਜੰਗਲੇ ਤਿਆਰ ਕਰਵਾ ਕੇ ਲਗਵਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ’ਤੇ ਕਰੀਬ 15 ਟਨ ਸਟੀਲ ਦੀ ਵਰਤੋਂ ਹੋਈ ਹੈ। ਭਾਈ ਲੌਂਗੋਵਾਲ ਨੇ ਸੇਵਾ ਕਰਵਾਉਣ ’ਤੇ ਬਾਬਾ ਪ੍ਰਦੀਪ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵੀ ਬਾਬਾ ਪ੍ਰਦੀਪ ਸਿੰਘ ਵੱਲੋਂ ਕਰਵਾਈ ਗਈ ਸੇਵਾ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਇਹ ਸੇਵਾ ਲੰਘੀ 18 ਨਵੰਬਰ ਨੂੰ ਅਰਦਾਸ ਉਪਰੰਤ ਸ਼ੁਰੂ ਕੀਤੀ ਗਈ ਸੀ, ਜੋ ਅੱਜ ਸੰਪੂਰਨ ਹੋਈ ਹੈ।