ਸਲੋਕ ਮਃ ੫ ॥


ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥ ਮਃ ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ ਪਉੜੀ ॥ ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥ ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥ ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥ ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥ ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥ ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥ ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥ ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥




ਬੁੱਧਵਾਰ, ੨੯ ਭਾਦੋਂ (ਸੰਮਤ ੫੫੪ ਨਾਨਕਸ਼ਾਹੀ) ੧੪ ਸਤੰਬਰ, ੨੦੨੨ (ਅੰਗ ੫੧੮)




ਪੰਜਾਬੀ ਵਿਆਖਿਆ:

ਸਲੋਕ ਮਃ ੫ ॥

ਹੇ ਨਾਨਕ! (ਇਉਂ ਆਖ, ਕਿ) ਹੇ ਸੱਜਣ! ਮੈਂ ਸਦਾ ਤੇਰੇ ਪੈਰਾਂ ਦੀ ਖ਼ਾਕ ਹੋਇਆ ਰਹਾਂ, ਮੈਂ ਤੇਰੀ ਸਰਨ ਪਿਆ ਰਹਾਂ ਅਤੇ ਤੈਨੂੰ ਹੀ ਆਪਣੇ ਅੰਗ-ਸੰਗ ਵੇਖਾਂ ।੧। (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! (ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ ।੨। (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ, ਉਹ ਪ੍ਰਭੂ ਜਿਸ ਬੰਦੇ ਉੱਤੇ ਮਿਹਰ ਕਰਦਾ ਹੈ ਉਸ ਨੂੰ (ਆਪਣੇ ਮਨੋਂ) ਭੁਲਾਂਦਾ ਨਹੀਂ, ਉਹ ਆਪ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਮਾਰਦਾ ਹੈ, ਉਹ ਅੰਤਰਜਾਮੀ (ਜੀਵਾਂ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਤੇ ਉਸ ਨੂੰ ਸਮਝ ਕੇ (ਉਸ ਤੇ) ਵਿਚਾਰ ਭੀ ਕਰਦਾ ਹੈ, ਇਕ ਪਲਕ ਵਿਚ ਕੁਦਰਤਿ ਦੇ ਅਨੇਕਾਂ ਰੂਪ ਬਣਾ ਦੇਂਦਾ ਹੈ, ਜਿਸ ਮਨੁੱਖ ਨੂੰ ਉਹ ਸੱਚ ਵਿਚ ਜੋੜਦਾ ਹੈ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ । ਪ੍ਰਭੂ ਜਿਸ ਜੀਵ ਦੇ ਪੱਖ ਵਿਚ ਹੋ ਜਾਂਦਾ ਹੈ ਉਹ ਜੀਵ (ਵਿਕਾਰਾਂ ਦੇ ਟਾਕਰੇ ਤੇ ਮਨੁੱਖਾ ਜਨਮ ਦੀ ਬਾਜ਼ੀ) ਕਦੇ ਹਾਰਦਾ ਨਹੀਂ, ਉਸ ਪ੍ਰਭੂ ਦਾ ਦਰਬਾਰ ਸਦਾ ਅਟੱਲ ਹੈ, ਮੈਂ ਉਸ ਨੂੰ ਨਮਸਕਾਰ ਕਰਦਾ ਹਾਂ ।੪।