ਅੱਜ ਦਾ ਹੁਕਮਨਾਮਾ (20 ਸਤੰਬਰ 2022)
ਬਿਹਾਗੜਾ ਮਹਲਾ ੫ ॥ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥ ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥ ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥ ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
ਪਦਅਰਥ: ਖੋਜਤ ਫਿਰਹਿ = ਲੱਭਦੇ ਫਿਰਦੇ ਹਨ। ਪ੍ਰਾਣ ਅਧਾਰੇ ਰਾਮ = ਜਿੰਦ ਦੇ ਆਸਰੇ ਪ੍ਰਭੂ ਨੂੰ। ਤਾਣੁ = ਤਾਕਤ, ਬਲ। ਤਨੁ = ਸਰੀਰ। ਖੀਨ = ਲਿੱਸਾ, ਕਮਜ਼ੋਰ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰੇ = ਧਾਰਿ, ਧਾਰ ਕੇ। ਲੜਿ = ਲੜ ਨਾਲ। ਜਪਉ = ਜਪਉਂ, ਮੈਂ ਜਪਾਂ। ਸੁਆਮੀ = ਹੇ ਸੁਆਮੀ! ਪੇਖੇ = ਪੇਖਿ, ਵੇਖ ਕੇ। ਜੀਜੀਐ = ਜੀਊ ਪਈਦਾ ਹੈ। ਨਿਹਚਲ = ਸਦਾ ਕਾਇਮ ਰਹਿਣ ਵਾਲੇ! ਪ੍ਰਾਨ ਪਿਆਰੇ = ਹੇ ਜਿੰਦ ਤੋਂ ਪਿਆਰੇ।੧। ਪੇਖਨ ਕਉ = ਵੇਖਣ ਵਾਸਤੇ। ਤਪਤਿ = ਤਪਸ਼, ਸੜਨ। ਕਤਹਿ = ਕਿਤੇ ਭੀ। ਪ੍ਰਭ = ਹੇ ਪ੍ਰਭੂ! ਬੇਰੀ = ਬੇੜੀ। ਤਾਰੀਐ = ਪਾਰ ਲੰਘਾ ਲੈ। ਅਨਾਥ = ਨਿਆਸਰਾ। ਨ ਜਾਨਾ = ਨ ਜਾਨਾਂ, ਮੈਂ ਨਹੀਂ ਜਾਣਦਾ। ਨ ਬੀਚਾਰੀਐ = ਖ਼ਿਆਲ ਵਿਚ ਨਾਹ ਲਿਆਵੀਂ। ਚਾਤ੍ਰਿਕ = ਪਪੀਹਾ। ਮਾਗੈ = ਮੰਗਦਾ ਹੈ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।੨। ਅਮਿਅ = ਅਮਿਉ ਦਾ, {ਲਫ਼ਜ਼ 'ਅੰਮ੍ਰਿਤ' ਤੋਂ 'ਅਮਿਉ' ਪ੍ਰਾਕ੍ਰਿਤ = ਰੂਪ ਹੈ} ਆਤਮਕ ਜੀਵਨ ਦੇਣ ਵਾਲੇ ਨਾਮ = ਜਲ ਦਾ। ਸਰੋਵਰੋ = ਸੋਹਣਾ ਸਰ, ਪਵਿਤ੍ਰ ਤਾਲਾਬ। ਪੀਉ = ਪੀਂਦੇ ਰਿਹਾ ਕਰੋ। ਸੰਗਿ = ਸੰਗਤਿ ਵਿਚ। ਮਿਲੈ = ਮਿਲਦਾ ਹੈ। ਜਪਿ = ਜਪ ਕੇ। ਬਿਦੀਰਨ-ਨਾਸ ਕਰਨ ਵਾਲਾ। ਨਿਮਖ-ਅੱਖ ਝਮਕਣ ਜਿਤਨਾ ਸਮਾ। ਮਨਹੁ-ਮਨ ਤੋਂ। ਬੀਸਰੈ-ਭੁੱਲਦਾ। ਅਨਦਿਨੁ-ਹਰ ਰੋਜ਼। ਸਾਚਾ-ਸਦਾ-ਥਿਰ ਰਹਿਣ ਵਾਲਾ।ਜਗਦੀਸਰੈ-ਜਗਤ ਦੇ ਮਾਲਕ ਵਿਚ। ਅਗਣਤ-ਅਣਗਿਣਤ। ਅਪਾਰ-ਬੇਅੰਤ। ਠਾਕੁਰ-ਮਾਲਕ। ਅਗਮ-ਅਪਹੁੰਚ। ਜਾ ਕੋ-ਜਿਸ ਦਾ। ਧਾਮਾ-ਟਿਕਾਣਾ, ਘਰ। ਸ੍ਰੀਰੰਗ-ਲੱਛਮੀ-ਪਤੀ, ਪਰਮਾਤਮਾ।੩। ਕੋਟਿਕ = ਕ੍ਰੋੜਾਂ। ਸੁਣਿ = ਸੁਣਿ ਕੇ। ਜਪਤ = ਜਪਦਿਆਂ। ਸਗਲੇ = ਸਾਰੇ। ਸੋਹੰਤ = ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਤਾ ਕੀ = ਉਹਨਾਂ ਦੀ। ਮਹਿਮਾ = ਵਡਿਆਈ। ਕਿਤ = ਕਿਤਨੀ? ਗਨਾ = ਗਨਾਂ, ਮੈਂ ਗਿਣਾਂ। ਸਦ = ਸਦਾ। ਸੁਭ = ਭਲੇ, ਭਾਗਾਂ ਵਾਲੇ। ਦਿਵਸ = ਦਿਨ। ਗਹਿ = ਫੜ ਕੇ। ਕੰਠਿ = ਗਲ ਨਾਲ।੪।
ਅਰਥ: (ਹੇ ਭਾਈ!) ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ, ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ। ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ। ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ)ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਹੇ ਜਿੰਦ ਤੋਂ ਪਿਆਰੇ! ਮੇਹਰ ਕਰ ਕੇ ਮੈਨੂੰ ਆ ਮਿਲ।੧। ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ; ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ। ਹੇ ਪ੍ਰਭੂ! ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ। ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ, ਮੇਰਾ ਨਾਹ ਕੋਈ ਗੁਣ ਨਾਹ ਕੋਈ ਔਗੁਣ ਕੋਈ ਭੀ ਆਪਣੇ ਖ਼ਿਆਲ ਵਿਚ ਨਾਹ ਲਿਆਵੀਂ। ਹੇ ਨਾਨਕ! ਆਖ-) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ! ਜਿਵੇਂ) ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ (ਤਿਵੇਂ ਮੈਂ ਤੇਰੇ ਨਾਮ-ਅੰਮ੍ਰਿਤ ਦੀ ਬੂੰਦ ਮੰਗਦਾ ਹਾਂ) ਤੇਰੇ ਚਰਨਾਂ ਦਾ ਧਿਆਨ ਧਰ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲੇ ਜਲ ਦਾ ਪਵਿਤ੍ਰ ਤਾਲਾਬ ਹੈ, (ਇਸ ਵਿਚੋਂ) ਪੀਂਦੇ ਰਿਹਾ ਕਰੋ। (ਪਰ ਇਹ ਨਾਮ-ਜਲ) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਿਲਦਾ ਹੈ। ਇਹ ਹਰਿ-ਨਾਮ ਜਪ ਕੇ ਸਾਰੇ ਕਾਰਜ ਸਿਰੇ ਚੜ੍ਹ ਜਾਂਦੇ ਹਨ। ਹੇ ਭਾਈ! ਜਗਤ ਦੇ ਮਾਲਕ ਪਰਮਾਤਮਾ ਵਿਚ ਸਾਰੇ ਹੀ ਗੁਣ ਮੌਜੂਦ ਹਨ। ਉਹ ਸਭ ਜੀਵਾਂ ਦੇ ਸਾਰੇ ਕਾਰਜ ਸਿਰੇ ਚਾੜ੍ਹਨ ਵਾਲਾ ਹੈ, ਸਭ ਦੇ ਦੁੱਖ ਨਾਸ ਕਰਨ ਵਾਲਾ ਹੈ, ਉਹ ਸਦਾ ਹੀ ਕਾਇਮ ਰਹਿਣ ਵਾਲਾ ਹੈ। ਜਿਸ ਮਨੁੱਖ ਦੇ ਮਨ ਤੋਂ ਉਹ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿਸਰਦਾ, ਉਹ ਮਨੁੱਖ ਸਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ। ਹੇ ਭਾਈ! ਪਰਮਾਤਮਾ ਅਣਗਿਣਤ ਗੁਣਾਂ ਵਾਲਾ ਹੈ, ਸਭ ਤੋਂ ਉੱਚਾ ਤੇ, ਬੇਅੰਤ ਹੈ, ਸਭ ਦਾ ਮਾਲਕ ਹੈ, ਉਸ ਦਾ ਟਿਕਾਣਾ (ਨਿਰੀ ਅਕਲ ਸਿਆਣਪ ਦੇ ਆਸਰੇ) ਅਪਹੁੰਚ ਹੈ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ!) ਮੈਨੂੰ ਲੱਛਮੀ-ਪਤੀ ਪਰਮਾਤਮਾ ਮਿਲ ਪਿਆ ਹੈ, ਮੇਰੀ (ਚਿਰਾਂ ਦੀ) ਤਾਂਘ ਪੂਰੀ ਹੋ ਗਈ ਹੈ।੩। ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਕਈ ਕ੍ਰੋੜਾਂ ਜੱਗਾਂ ਦੇ ਫਲ ਪ੍ਰਾਪਤ ਕਰ ਲੈਂਦੇ ਹਨ, (ਭਾਵ, ਕ੍ਰੋੜਾਂ ਕੀਤੇ ਹੋਏ ਜੱਗ ਭੀ ਹਰਿ-ਨਾਮ ਦੇ ਟਾਕਰੇ ਤੇ ਤੁੱਛ ਹਨ) । ਪਰਮਾਤਮਾ ਦਾ ਨਾਮ ਜਪਦਿਆਂ (ਜਪਣ ਵਾਲੇ ਮਨੁੱਖ) ਆਪਣੀਆਂ ਸਾਰੀਆਂ ਕੁਲਾਂ ਭੀ ਤਾਰ ਲੈਂਦੇ ਹਨ। ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਮਨੁੱਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ (ਦੇ ਆਤਮਕ ਜੀਵਨ) ਦੀ ਵਡਿਆਈ ਕਿਤਨੀ ਕੁ ਮੈਂ ਦੱਸਾਂ? ਉਹ ਸਦਾ ਆਪਣੇ ਮਨਾਂ ਵਿਚ ਪਰਮਾਤਮਾ ਦਾ ਦਰਸਨ ਤਾਂਘਦੇ ਰਹਿੰਦੇ ਹਨ (ਤੇ, ਅਰਦਾਸਾਂ ਕਰਦੇ ਰਹਿੰਦੇ ਹਨ-) ਹੇ ਪ੍ਰਾਣ-ਪਿਆਰੇ! ਸਾਡੇ ਮਨ ਤੋਂ ਕਦੇ) ਨਾਹ ਵਿੱਸਰ। ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪ੍ਰਭੂ (ਜਿਨ੍ਹਾਂ ਵਡ-ਭਾਗੀਆਂ ਨੂੰ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ਉਹਨਾਂ (ਦੀ ਜ਼ਿੰਦਗੀ) ਦੇ ਭਾਗਾਂ ਵਾਲੇ ਦਿਨ ਆ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ-(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਬਹੁਤ ਪਿਆਰਾ ਪਰਮਾਤਮਾ ਮਿਲ ਪੈਂਦਾ ਹੈ ਉਹਨਾਂ (ਦੇ ਜੀਵਨ) ਦਾ ਹਰੇਕ ਕਾਰਜ ਚੜ੍ਹ ਜਾਂਦਾ ਹੈ।੪।੩।੬।