ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ ( 6-1-2023)
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ ( 6-1-2023)
ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥ ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥੧॥ ਚੇਤਹੁ ਬਾਸੁਦੇਉ ਬਨਵਾਲੀ ॥ ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥ ਉਰਧ ਮੂਲ ਜਿਸੁ ਸਾਖ ਤਲਾਹਾ ਚਾਰਿ ਬੇਦ ਜਿਤੁ ਲਾਗੇ ॥ ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥੨॥ ਪਾਰਜਾਤੁ ਘਰਿ ਆਗਨਿ ਮੇਰੈ ਪੁਹਪ ਪਤ੍ਰ ਤਤੁ ਡਾਲਾ ॥ ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥੩॥ ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥ ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥੪॥ ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥ ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥ ੫॥ ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥ ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥੬॥ ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥ ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥੭॥ ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥ ਉਪਦੇਸ ਗੁਰੂ ਮਮ ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥੮॥੧॥
ਸ਼ੁੱਕਰਵਾਰ, ੨੨ ਪੋਹ (ਸੰਮਤ ੫੫੪ ਨਾਨਕਸ਼ਾਹੀ) (ਅੰਗ: ੫੦੩)
ਗੂਜਰੀ ਅਸਟਪਦੀਆ ਮਹਲਾ ੧ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ । (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜਿਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰੀਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ।੧। ਹੇ ਭਾਈ । ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ । ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ—(ਇਸ ਨੂੰ ਆਪਣੀ) ਮਾਲਾ (ਬਣਾਉ) ।੧।ਰਹਾਉ। ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ, ਉਹ ਮਾਇਆ ਸਹਿਜੇ ਹੀ (ਉਹਨਾਂ ਬੰਦਿਆਂ ਤੋਂ) ਪਰ੍ਹੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ।੨। (ਇਹ ਸਾਰਾ ਜਗਤ ਜਿਸ ਪਾਰਜਾਤ-ਪ੍ਰਭੂ ਦਾ) ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ, ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰ੍ਹੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁੱਕ ਗਏ ਹਨ) । (ਹੇ ਭਾਈ! ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ।੩। ਹੇ (ਮੇਰੀ) ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ-(ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ । ਜਿਸ ਮਨੁੱਖ ਦੇ ਮਨ ਵਿਚ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ।੪। (ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿਚ ਵਸਾ ਲਿਆ ਹੈ) ਉਹ ਗੁਰੂ ਕਿਹਾ ਜਾ ਸਕਦਾ ਹੈ, ਉਹ (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਉਹ (ਅਸਲ) ਵੈਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ । ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ । (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ), ਉਹ ਗ੍ਰਹਿਸਤੀ (ਹੁੰਦਾ ਭੀ) ਜੋਗੀ ਹੈ ।੫। ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ ।੬। ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ—ਇਹ ਸਭ ਪ੍ਰਭੂ ਦੀ ਦਾਤਿ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤਿ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫਿੱਕਾ ਹੋ ਜਾਂਦਾ ਹੈ ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ ਹੈ) ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ ।੭। ਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ, ਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਿਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ।੮।੧।