Parkash Purab Sri Guru Angad Dev Ji: ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਮਗਰੋਂ ਭਾਈ ਲਹਿਣਾ ਇੰਝ ਬਣੇ ਅੰਗਦ ਦੇਵ ਜੀ...
ਸਿਮਰਨ ਤੇ ਸੇਵਾ ਦੇ ਪੁੰਜ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਜੀ ਦੀ ਮਹਿਮਾਂ ਦਾ ਬਖਾਨ ਕਰਦਿਆਂ ਗੁਰੂ ਸਾਹਿਬ ਦੇ ਸਮਕਾਲੀ ਭਾਈ ਗੁਰਦਾਸ ਜੀ ਨੇ ਕਿਹਾ...
ਪਰਮਜੀਤ ਸਿੰਘ
Parkash Purab Sri Guru Angad Dev Ji: ਸਿਮਰਨ ਤੇ ਸੇਵਾ ਦੇ ਪੁੰਜ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਸੰਸਾਰ ਭਰ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਆਪ ਜੀ ਦੀ ਮਹਿਮਾਂ ਦਾ ਬਖਾਨ ਕਰਦਿਆਂ ਗੁਰੂ ਸਾਹਿਬ ਦੇ ਸਮਕਾਲੀ ਭਾਈ ਗੁਰਦਾਸ ਜੀ ਨੇ ਕਿਹਾ ਕਿ ਆਪ ਪ੍ਰੇਮ ਭਗਤੀ ਵਿੱਚ ਅਜਿਹੇ ਰੰਗੇ ਕਿ ਸੰਸਾਰ ਦੇ ਤਮਾਸ਼ਿਆਂ ਤੋਂ ਉਦਾਸ ਹੋ ਕੇ ਦੀਨ ਦੁਨੀਆਂ ਦੇ ਸੁਆਮੀ ਬਣ ਗਏ।
ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਭਾਈ ਲਹਿਣਾ ਸੀ ਜੋ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਸਦਕਾ ਭਾਈ ਲਹਿਣੇ ਤੋਂ ਸ਼੍ਰੀ ਗੁਰੂ ਅੰਗਦ ਰੂਪ ਹੋ ਗਏ। ਆਪ ਜੀ ਦਾ ਜਨਮ 1504 ਈ ਨੂੰ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਤੇ ਕੀ ਸਰਾਏ ਜਿਸ ਨੂੰ ਸਰਾਏ ਨਾਗਾ ਵੀ ਕਿਹਾ ਜਾਂਦੇ ਹੈ, ਵਿਖੇ ਪਿਤਾ ਭਾਈ ਫੇਰੂਮਲ ਜੀ ਤੇ ਮਾਤਾ ਦਯਾ ਕੌਰ ਜੀ ਦੀ ਪਾਵਨ ਕੁੱਖੋਂ ਹੋਇਆ।
ਭਾਈ ਲਹਿਣਾ ਜੀ ਆਪਣੇ ਜੀਵਨ ਦੇ ਆਰੰਭਕ ਸਾਲਾਂ ਵਿੱਚ ਦੇਵੀ ਦੇ ਅਨਿਨ ਭਗਤ ਸਨ। ਆਪ ਨੇ ਆਪਣੇ ਪਿੰਡ ਖਡੂਰ ਸਾਹਿਬ ਦੇ ਇੱਕ ਵਸਨੀਕ ਸ਼ਰਧਾਵਾਨ ਸਿੱਖ ਭਾਈ ਜੋਧ ਜੀ ਪਾਸੋਂ ਗੁਰਬਾਣੀ ਦਾ ਪਾਠ ਸੁਣ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਇਛਾ ਜਤਾਈ ਤੇ ਆਪ ਕਰਤਾਰਪੁਰ ਆ ਗਏ। ਕਰਤਾਰਪੁਰ ਸਾਹਿਬ ਆਉਣਾ ਭਾਈ ਲਹਿਣਾ ਜੀ ਦਾ ਭਾਗ ਉਦੈ ਸੀ ਜਿੱਥੇ ਸਭ ਤੋਂ ਪਹਿਲਾਂ ਆਪ ਦਾ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ। ਪਹਿਲੇ ਮੇਲ ‘ਚ ਹੀ ਭਾਈ ਲਹਿਣਾ ਗੁਰੂ ਨਾਨਕ ਸਾਹਿਬ ਦੇ ਅੰਗ ਬਣ ਗਏ।
ਖਡੂਰ ਸਾਹਿਬ ਵਿਚ ਆਪ ਨੇ ਕੁਝ ਸਮਾਂ ਇਕਾਂਤਵਾਸ ‘ਚ ਲੰਘਾਇਆ। ਫਿਰ ਬਾਬਾ ਬੁੱਢਾ ਜੀ ਜਿਹੇ ਉੱਘੇ ਸਿੱਖਾਂ ਦੀ ਬੇਨਤੀ ਤੇ ਆਪ ਸਿੱਖ ਪੰਥ ਨੂੰ ਅਗਵਾਈ ਦੇਣ ਲਈ ਅੱਗੇ ਆਏ। ਸੋ ਇਸ ਤਰ੍ਹਾ ਨੇਮਪੂਰਵਕ ਗੁਰਬਾਣੀ ਦੇ ਪ੍ਰਵਾਹ ਅਰੰਭ ਹੋ ਗਏ। ਲੰਗਰ ਪ੍ਰਥਾ ਨੂੰ ਮਾਤਾ ਖੀਵੀ ਜੀ ਨੇ ਆਪਣੀ ਨਿਗਰਾਨੀ ਹੇਠ ਸੁਚਾਰੂ ਢੰਗ ਨਾਲ ਚਲਾਇਆ। ਗੁਰੂ ਸਾਹਿਬ ਆਪ ਹੱਥੀ ਕਿਰਤ ਕਰਕੇ ਮੁੰਝ ਦੀ ਵਟਕ ਚੋਂ ਹੀ ਪ੍ਰਸ਼ਾਦਾ ਛਕਦੇ।
ਆਪ ਨੇ ਬੱਚਿਆਂ ਵਿਚ ਗੁਰਮੁੱਖੀ ਲਿਪੀ ਨੂੰ ਪ੍ਰਚਲਿਤ ਕੀਤਾ ਤੇ ਭਾਸ਼ਾ ਪੱਖੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਪੀ ਦਾ ਆਧਾਰ ਮੁੱਢ ਬੰਨਿਆ। ਸਿੱਖਾਂ ਦੇ ਸਰੀਰਕ ਪੱਖੋਂ ਬਲਵਾਨ ਹੋਣ ਲਈ ਆਪ ਨੇ ਮੱਲ ਅਖਾੜੇ ਦੀ ਰਚਨਾ ਕੀਤੀ। ਆਪ ਨੇ ਕੁਲ 63 ਸਲੋਕ ਉਚਾਰੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸਿੱਖ ਧਰਮ ਦੀ ਪ੍ਰਫੁਲਤਾ ਲਈ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਸਿੱਖ ਆਦਰਸ਼ਾ ਨੂੰ ਵਿਸ਼ੇਸ਼ਤਾ ਤੇ ਸਥਿਰਤਾ ਪ੍ਰਦਾਨ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਏਬੀਪੀ ਸਾਝਾ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ।