ਊਨਾ: ਹਿਮਾਚਲ ਦਾ ਜ਼ਿਲ੍ਹਾ ਊਨਾ 18ਵੀਂ ਤੇ 19ਵੀਂ ਸਦੀ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਤੇ ਬਾਬਾ ਬਿਕਰਮ ਸਿੰਘ ਬੇਦੀ ਦੀ ਰਾਜਧਾਨੀ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ ਕਿ ਊਨਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਗਰ ਸੀ ਜੋ ਬਾਬਾ ਸਾਹਿਬ ਸਿੰਘ ਬੇਦੀ ਦੀ ਰਾਜਧਾਨੀ ਸੀ। ਸੰਨ 1848 ਵਿੱਚ ਬਾਬਾ ਬਿਕਰਮ ਸਿੰਘ ਵੇਲੇ ਇਸ ਨੂੰ ਜ਼ਬਤ ਕੀਤਾ ਗਿਆ। ਹੁਣ ਬਾਬਾ ਜੀ ਦੀ ਔਲਾਦ ਊਨੇ ਵਿੱਚ ਜਾਗੀਰਦਾਰ ਹੈ। ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਊਨਾ ਪਵਿੱਤਰ ਹੋਇਆ।




ਗੁਰੂ ਨਾਨਕ ਦੇਵ ਜੀ ਦੀ ਅੰਸ਼ ਵਿੱਚ ਦੋ ਮਹਾਨ ਬਾਲਕ ਪੈਦਾ ਹੋਏ ਜਿਨ੍ਹਾਂ ਫ਼ਕੀਰੀ ਤੇ ਗ੍ਰਹਿਸਤ ਵਿੱਚੋਂ ਦੋ ਵੱਖ-ਵੱਖ ਮਾਰਗ ਚੁਣੇ। ਅੱਜ ਵੀ ਊਨਾ ਦੀ ਧਰਤੀ ਤੇ ਉਹ ਮਹਾਨ ਅਸਥਾਨ ਮੌਜੂਦ ਹੈ, ਜਿੱਥੇ ਗੁਰੂ ਸਾਹਿਬ ਦੇ ਵੰਸ਼ਜ ਨੇ ਇਸ ਧਰਤੀ ਨੂੰ ਮਹਾਨ ਬਣਾਇਆ। ਅੱਜ ਵੀ ਮਹਾਨ ਇਤਿਹਾਸਕ ਤੇ ਪੁਰਾਤਨ ਅਸਥਾਨ ਮੌਜੂਦ ਹੈ ਜੋ ਖਾਲਸਾ ਰਾਜ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਜ਼ਿਲ੍ਹਾ ਊਨਾ ਵਿੱਚ 18ਵੀਂ ਸਦੀ ਵਿੱਚ ਵਿਸ਼ਾਲ ਕਿਲ੍ਹਾ ਹੋਇਆ ਕਰਦਾ ਸੀ ਜੋ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਤਿਹਾਸ ਮੁਤਾਬਕ ਇਸ ਥਾਂ ਤੇ ਜੰਗਾਂ ਯੁੱਧਾਂ ਕਰ ਬਾਬਾ ਜੀ ਨੇ ਗਉ ਗਰੀਬ ਦੀ ਰਾਖੀ ਕਰਦਿਆਂ ਜੁਲਮ ਦਾ ਟਾਕਰਾ ਕੀਤਾ। ਕਿਹਾ ਇਹ ਵੀ ਜਾਂਦਾ ਹੈ ਕਿ ਬਾਬਾ ਜੀ ਦੇ ਮਹਾਨ ਅਣਖੀਲੇ ਬਾਰਕ ਬਾਬਾ ਬਿਕਰਮ ਸਿੰਘ ਨੇ ਬਾਬਾ ਮਹਾਰਾਜ ਸਿੰਘ ਜੀ ਨਾਲ ਮਿਲ ਕੇ ਖੁਦਮੁਖਤਿਆਰੀ ਦਾ ਐਲਾਨ ਕਰਕੇ ਅੰਗਰੇਜ਼ਾਂ ਖਿਲਾਫ ਬਗ਼ਾਵਤ ਕਰ ਦਿੱਤੀ। ਇਸ ਦੇ ਸਿੱਟੇ ਵਜੋਂ ਸਾਰੇ ਕਿਲੇ ਤੋਪਾਂ ਨਾਲ ਢਾਹ-ਢੇਰੀ ਕਰ ਦਿੱਤੇ ਤੇ ਬਾਬਾ ਜੀ ਨੂੰ 14 ਸਾਲ ਅੰਗਰੇਜ਼ਾਂ ਦੀ ਨਜ਼ਰਬੰਦੀ ਕੱਟਣੀ ਪਈ।

ਊਨੇ ਦੇ ਕਿਲ੍ਹੇ ਤੋਂ ਥੋੜ੍ਹੀ ਦੂਰ ਬਜ਼ਾਰ ਵਿੱਚ ਪੁਰਾਤਨ ਤੇ ਇਤਿਹਾਸਕ ਅਸਥਾਨ ਸੁਭਾਇਮਾਨ ਹੈ ਜਿੱਥੇ ਅੱਜ ਵੀ ਨਾਨਕਸ਼ਾਹੀ ਇੱਟ ਦੀ ਉਸਾਰੀ ਨਾਲ ਬਹੁਤ ਹੀ ਸੁੰਦਰ ਮੀਨਾਕਾਰੀ ਦੇ ਦਰਸ਼ਨ ਹੁੰਦੇ ਹਨ। ਇੱਥੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਗਈ। ਦੂਰ ਤੋਂ ਹੀ ਇਸ ਅਸਥਾਨ ਦੇ ਝਲਕਾਰੇ ਪੈਂਦੇ ਹਨ।

ਕਿਹਾ ਜਾਂਦਾ ਹੈ ਕਿ ਇਹ ਅਸਥਾਨ ਬਾਬਾ ਸਾਹਿਬ ਸਿੰਘ ਜੀ ਦਾ ਦਮਦਮਾ ਅਸਥਾਨ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਿਆ ਕਰਦੀਆਂ ਸਨ ਤੇ ਦੀਵਾਨ ਲੱਗਿਆ ਕਰਦਾ ਸੀ। ਇਥੋਂ ਹੀ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੂੰ ਲੰਗਰ ਪ੍ਰੰਪਰਾ ਦਾ ਇੰਚਾਰਜ ਬਣਾ ਕੇ ਤੋਰਿਆ ਗਿਆ ਸੀ। ਅਸਥਾਨ ਦੇ ਪਹਿਲੀ ਵਾਰ ਦਰਸ਼ਨ ਕਰਨ ਤੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਸ਼ਾਹੀ ਕਿਲੇ ਦੇ ਦੀਦਾਰ ਹੁੰਦੇ ਹੋਣ।