(Source: ECI/ABP News/ABP Majha)
Hola Mohalla 2023: ਹੋਲੇ-ਮਹੱਲੇ 'ਤੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ, ਇਸ ਵਾਰ ਨੌਜਵਾਨਾਂ 'ਚ ਖਾਸ ਉਤਸ਼ਾਹ
ਹੋਲੇ-ਮਹੱਲੇ ਸਬੰਧੀ ਸੋਮਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਖੰਡ ਪਾਠਾਂ ਦੀ ਸ਼ੁਰੂਆਤ ਹੋਈ ਜਿਨ੍ਹਾਂ ਦੇ ਭੋਗ 8 ਮਾਰਚ ਨੂੰ ਪਾਏ ਜਾਣਗੇ। ਇਸ ਵਾਰ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ 6, 7 ਤੇ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ।
Hola Mohalla 2023: ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਪੂਰੇ ਜਾਹੋ-ਜਲਾਲ ਨਾਲ ਜਾਰੀ ਹੈ। ਖਾਲਸਾ ਪੰਥ ਦੇ ਜਨਮ ਸਥਾਨ ਉੱਪਰ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ। ਇਸ ਵਾਰ ਸੰਗਤ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਖਾਸਕਰ ਨੌਜਵਾਨ ਕੇਸਰੀ ਝੰਡਿਆਂ ਲੱਗੇ ਵਾਹਨ ਲੈ ਕੇ ਹੋਲੇ-ਮਹੱਲੇ 'ਤੇ ਪਹੁੰਚ ਰਹੇ ਹਨ।
ਹੋਲੇ-ਮਹੱਲੇ ਸਬੰਧੀ ਸੋਮਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਅਖੰਡ ਪਾਠਾਂ ਦੀ ਸ਼ੁਰੂਆਤ ਹੋਈ ਜਿਨ੍ਹਾਂ ਦੇ ਭੋਗ 8 ਮਾਰਚ ਨੂੰ ਪਾਏ ਜਾਣਗੇ। ਇਸ ਵਾਰ ਹੋਲਾ-ਮਹੱਲਾ ਸ੍ਰੀ ਆਨੰਦਪੁਰ ਸਾਹਿਬ ਵਿਖੇ 6, 7 ਤੇ 8 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਣੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਅਖੰਡ ਪਾਠ ਆਰੰਭ ਕੀਤੇ ਗਏ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਹੋਲਾ-ਮਹੱਲਾ ਖਾਲਸਾ ਪੰਥ ਦਾ ਕੌਮੀ ਤਿਉਹਾਰ ਹੀ ਨਹੀਂ ਬਲਕਿ ਖਾਲਸੇ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਹੈ। ਇਸ ਮੌਕੇ ਸਮੁੱਚਾ ਪੰਥ ਪੂਰੇ ਜਾਹੋ-ਜਲਾਲ ’ਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੁੰਦਾ ਹੈ। ਉਨ੍ਹਾਂ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਮੁਬਾਰਕਬਾਦ ਦਿੰਦਿਆਂ ਇੱਥੇ ਪਹੁੰਚਣ ਦੀ ਅਪੀਲ ਕੀਤੀ।
ਸੋਮਵਾਰ ਨੂੰ ਹੋਲੇ-ਮਹੱਲੇ ਦੇ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਤੇ ਹੋਲੇ-ਮਹੱਲੇ ਦੇ ਰਵਾਇਤੀ ਤਿਉਹਾਰ ਦੀ ਸ਼ੁਰੂਆਤ ਮੌਕੇ ਕਰਵਾਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਇਹ ਕਾਮਨਾ ਕੀਤੀ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ ਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ। ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਜੋ ਆਮ ਤੌਰ ’ਤੇ ਪੰਜਾਬੀਆਂ ਤੇ ਖਾਸ ਤੌਰ ’ਤੇ ਸਿੱਖ ਕੌਮ ਦੀ ਜੁਝਾਰੂ ਭਾਵਨਾ ਦਾ ਪ੍ਰਤੀਕ ਹੈ, ਦੇ ਸ਼ੁਰੂਆਤੀ ਸਮਾਗਮ ਵਿੱਚ ਸ਼ਾਮਲ ਹੋਣ ਉੱਤੇ ਉਹ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦੇ ਹਨ।
ਤਿੰਨ ਦਿਨਾਂ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲਣ ਵਾਲੇ ਸਮਾਗਮਾਂ ਦੇ ਪਹਿਲੇ ਦਿਨ ਦੁਆਬਾ ਮੰਡਲ ਨਿਰਮਲ ਭੇਖ ਵੱਲੋਂ ਬਾਬਾ ਪ੍ਰੀਤਮ ਸਿੰਘ ਡੂਮੇਲੀ ਵਾਲਿਆਂ ਦੀ ਅਗਵਾਈ ਅਤੇ ਸ਼ਬਦ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂਆਤੀ ਨਗਰ ਕੀਰਤਨ ਵੀ ਸਜਾਇਆ ਗਿਆ। ਇਸ ਸਬੰਧੀ ਬਾਬਾ ਪ੍ਰੀਤਮ ਸਿੰਘ ਡੂਮੇਲੀ ਵਾਲਿਆਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਹ ਸ਼ੁਰੂਆਤੀ ਨਗਰ ਕੀਰਤਨ ਸਮੂਹ ਨਿਰਮਲ ਭੇਖ ਤੇ ਸੰਤ ਸਮਾਜ ਵੱਲੋਂ ਮਨਾਇਆ ਜਾਂਦਾ ਹੈ।