ਕੋਟਕਪੂਰਾ: ਬਰਗਾੜੀ ਇਨਸਾਫ਼ ਮੋਰਚਾ ਅੱਜ ਸਮਾਪਤ ਕੀਤਾ ਜਾ ਸਕਦਾ ਹੈ। ਮੋਰਚੇ ਵਿੱਚ ਸਰਕਾਰ ਦੇ ਨੁਮਾਇੰਦੇ ਵਜੋਂ ਦੋ ਮੰਤਰੀ ਪੁੱਜ ਸਕਦੇ ਹਨ ਤੇ ਪ੍ਰਬੰਧਕਾਂ ਨੂੰ ਮੋਰਚੇ ਦੀਆਂ ਮੰਗਾਂ ਮੰਨਣ ਦਾ ਰਸਮੀ ਭਰੋਸਾ ਦੇਣਗੇ ਪਰ ਸੰਗਤ ਲੀਡਰਾਂ ਦੀ ਵਾਅਦਿਓਂ ਮੁੱਕਰਨ ਦੀ ਫਿਤਰਤ ਤੋਂ ਜਾਣੂੰ ਹੈ। ਇਸ ਵਾਰ ਉਹ ਅਜਿਹਾ ਨਾ ਕਰਨ ਮੋਰਚੇ ਦੀ ਸੰਗਤ ਨੇ ਅਜਿਹਾ ਕਰਨ ਲਈ ਵੱਖਰੀ ਵਿਓਂਤ ਘੜ ਲਈ ਹੈ।


ਬਰਗਾੜੀ ਮੋਰਚੇ 'ਤੇ ਪਹੁੰਚਣ ਵਾਲੇ ਮੰਤਰੀਆਂ ਨੂੰ ਸੰਗਤ ਦੇਸੀ ਲੂਣ ਦੇ ਡਲੇ ਭੇਟ ਕਰਨ ਜਾ ਰਹੀ ਹੈ। ਸੰਗਤ ਦਾ ਕਹਿਣਾ ਹੈ ਕਿ ਮੰਤਰੀਆਂ ਨੂੰ ਲੂਣ ਖਵਾਉਣ ਦਾ ਮੰਤਵ ਹੈ ਕਿ ਨਮਕ ਖਾ ਕਿ ਹਰਾਮ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਸੰਗਤ ਦਾ ਕਹਿਣਾ ਹੈ ਕਿ ਲੀਡਰ ਲੂਣ ਖਾ ਕੇ ਉਨ੍ਹਾਂ ਦੀਆਂ ਮੰਗਾਂ ਮੰਨਣ ਤੇ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾਵੇ।

ਸਬੰਧਤ ਖ਼ਬਰ:  ਬਰਗਾੜੀ ਮੋਰਚੇ ਨੂੰ ਨਹੀਂ ਸਰਕਾਰ 'ਤੇ ਯਕੀਨ, ਵਾਅਦਾ ਖ਼ਿਲਾਫ਼ੀ ਰੋਕਣ ਲਈ ਖੁਆਇਆ ਜਾਏਗਾ 'ਪੰਥਕ ਨਮਕ'

ਬਰਗਾੜੀ ਇਨਸਾਫ਼ ਮੋਰਚੇ ਦੀਆਂ ਤਿੰਨ ਮੁੱਖ ਮੰਗਾਂ ਹਨ। ਸਭ ਤੋਂ ਪਹਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਦੂਜੀ ਮੰਗ ਕੋਟਕਪੂਰਾ ਗੋਲ਼ੀਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਤੀਜੀ ਮੰਗ ਸਜ਼ਾ ਪੂਰੀ ਕਰ ਚੁੱਕੇ ਪਰ ਹਾਲੇ ਤਕ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੀ ਰਿਹਾਈ, ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਅਕਤੂਬਰ 2015 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ। ਇਸੇ ਮਹੀਨੇ ਹੀ ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਬਰਗਾੜੀ ਤੇ ਕੋਟਕਪੂਰਾ ਵਿੱਚ ਪੁਲਿਸ ਨੇ ਗੋਲ਼ੀ ਚਲਾ ਦਿੱਤੀ ਸੀ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।