ਵਿਸ਼ੇਸ਼ ਰਿਪੋਰਟ-ਪਰਮਜੀਤ ਸਿੰਘ


ਚੰਡੀਗੜ੍ਹ: ਸਿੱਖ ਇਤਿਹਾਸ ਦੇ ਭੁੱਲੇ ਵਿੱਸਰੇ ਅਸਥਾਨਾਂ ਵਿੱਚੋਂ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਦਾ ਵੱਡਾ ਇਤਿਹਾਸ ਹੈ। ਬਦਕਿਸਮਤੀ ਇਹ ਹੈ ਕਿ ਸ਼ਾਇਦ ਓਨਾ ਹੀ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਇੱਥੋਂ ਦੇ ਇਤਿਹਾਸ ਨੂੰ ਸੁਣ ਜਿੱਥੇ ਜੋਸ਼ ਨਾਲ ਛਾਤੀ ਚੌੜ੍ਹੀ ਹੋ ਜਾਂਦੀ, ਉੱਥੇ ਹੀ ਅੱਖਾਂ ਵੀ ਨਮ ਹੋ ਜਾਂਦੀਆਂ ਹਨ। ਸਿੱਖ ਇਤਿਹਾਸ ਦੀਆਂ ਦੋ ਜੰਗਾਂ ਦਾ ਗਵਾਹ ਇਹ ਉਹ ਇਤਿਹਾਸਕ ਅਸਥਾਨ ਹੈ, ਜਿੱਥੇ 5000 ਸਿੰਘਾਂ ਨੇ ਮੈਦਾਨੇ ਜੰਗ 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਇੱਥੋਂ ਦੀ ਮਿੱਟੀ ਨੂੰ ਆਪਣੇ ਖ਼ੂਨ ਨਾਲ ਸਿੰਜਿਆ।


ਉਹ ਪਾਵਨ ਅਸਥਾਨ ਜਿੱਥੇ 3000 ਤੋਂ ਜ਼ਿਆਦਾ ਸਿੰਘਾਂ ਦਾ ਇਕੱਠਾ ਸਸਕਾਰ ਹੋਇਆ ਜਿਸ ਦਾ ਅੰਗੀਠਾ ਅੱਜ ਵੀ ਇਸ ਪਾਵਨ ਅਸਥਾਨ 'ਤੇ ਮੌਜੂਦ ਹੈ। ਦਸਮ ਪਾਤਸ਼ਾਹ ਦੀ ਦੋ ਵਾਰ ਇਸ ਪਾਵਨ ਅਸਥਾਨ ਨੂੰ ਚਰਨ ਛੋਹ ਪ੍ਰਾਪਤ ਹੈ। 1704 ਈ ਨੂੰ ਕਿੱਲਾ ਅਨੰਦਗੜ੍ਹ ਸਾਹਿਬ ਛੱਡਣ ਤੋਂ ਪਹਿਲਾ ਵੀ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਮੋਹ ਛੱਡ ਇਸ ਅਸਥਾਨ 'ਤੇ ਬੀਰ ਆਸਨ ਹੋ ਬੈਠੇ ਸਨ।


ਇਸ ਨਾਲ ਇਹ ਅਸਥਾਨ ਨਿਰਮੋਹ ਗੜ੍ਹ ਸਾਹਿਬ ਪ੍ਰਚਲਿਤ ਹੋਇਆ। ਜਦੋਂ ਗੁਰੂ ਇੱਥੇ ਬਿਰਾਜੇ ਸਨ ਤਾਂ ਰਾਜੇ ਭੀਮ ਚੰਦ ਵੱਲੋਂ ਨਿਸ਼ਾਨਚੀ ਦੇ ਜ਼ਰੀਏ ਗੁਰੂ ਸਾਹਿਬ 'ਤੇ ਤੋਪ ਦਾ ਵਾਰ ਕੀਤਾ। ਇਸ ਨਾਲ ਗੁਰੂ ਸਾਹਿਬ ਦਾ ਚੌਰਬਰਦਾਰ ਸ਼ਹੀਦ ਹੋ ਗਿਆ। ਦੂਸਰਾ ਗੋਲਾ ਦਾਗਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਉਸ ਤੁਰਕ ਨੂੰ ਦੁਨੀਆਂ ਤੋਂ ਚੱਲਦਾ ਕਰ ਦਿੱਤਾ। ਅੱਜ ਵੀ ਉਹ ਦੋ ਥੜ੍ਹੇ ਮੌਜੂਦ ਹਨ ਜਿੱਥੇ ਗੁਰੂ ਸਾਹਿਬ ਖ਼ੁਦ ਬਿਰਾਜਦੇ ਸਨ ਤੇ ਜਿੱਥੇ ਸ਼ਸ਼ਤਰ ਸਜਾਏ ਜਾਂਦੇ ਸਨ।


ਅੱਜ ਵੀ ਇਤਿਹਾਸ ਵਿੱਚ ਮੌਜੂਦ ਹੈ ਕਿ ਪੰਥ ਦੇ ਮਹਾਨ ਜਰਨੈਲ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ, ਇਸ ਮਹਾਨ ਅਸਥਾਨ 'ਤੇ ਦਲ ਨਾਲ ਉੱਤਰਦੇ ਰਹੇ। ਬੁੱਢਾ ਦੱਲ ਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਦਸਮ ਪਾਤਸ਼ਾਹ ਪੰਜ ਦਿਨ ਇਸ ਅਸਥਾਨ ਤੇ ਸਮਾਧੀ ਵਿੱਚ ਲੀਨ ਸਨ। ਭਾਈ ਦਯਾ ਸਿੰਘ ਦੀ ਬੇਨਤੀ ਤੇ ਆਪ ਨੇ ਨੇਤਰ ਖੋਲ੍ਹ ਸਿੰਘਾਂ ਨੂੰ ਖੁਸ਼ੀਆਂ ਬਖ਼ਸ਼ੀਆਂ।


ਬੜੇ ਅਫਸੋਸ ਦੀ ਗੱਲ਼ ਹੈ ਕਿ ਮਹਾਨ ਇਤਿਹਾਸ ਹੋਣ ਦੇ ਬਾਵਜੂਦ ਅੱਜ ਇਸ ਅਸਥਾਨ ਨੂੰ ਅਣਗੌਲਿਆ ਜਾ ਰਿਹਾ ਹੈ। ਅਨੰਦਪੁਰ ਸਾਹਿਬ ਤੋਂ ਰੋਪੜ ਰੋਡ 'ਤੇ ਮਹਿਜ਼ 10 ਕਿਮੀ ਦੀ ਦੂਰੀ ਤੇ ਸਥਿਤ ਜਰਨੈਲੀ ਸੜਕ ਦੇ ਖੱਬੇ ਪਾਸੇ ਨਹਿਰ ਦੇ ਕੰਡੇ ਸਥਿਤ ਇਹ ਅਸਥਾਨ ਕਦੇ ਗੁਰੂ ਗੋਬਿੰਦ ਸਿੰਘ ਮਾਰਗ ਦਾ ਸ਼ਿੰਗਾਰ ਹੋਇਆ ਕਰਦਾ ਸੀ ਪਰ ਨਾਂ ਤਾਂ ਗੁਰੂ ਗੋਬਿੰਦ ਸਿੰਘ ਮਾਰਗ ਰਿਹਾ ਤੇ ਨਾਂ ਹੀ ਉਹ ਸ਼ਿੰਗਾਰ ਕਿਉਂਕਿ ਮਰਗ ਦੀ ਹਾਲਤ ਐਨੀ ਕੁ ਖਸਤਾ ਹੈ ਕਿ ਹਰ ਰਾਹਗੀਰ ਦਾ ਮਨ ਭਰ ਆਵੇ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਅਰਬਾਂ ਰੁਪਏ ਦੇ ਬਜਟ ਵਾਲ਼ੀਆਂ ਕਮੇਟੀਆਂ ਵੀ ਇਸ ਸ਼ਾਨਾਮਤੇ ਇਤਿਹਾਸ ਨੂੰ ਸਾਂਭਣ ਵਿੱਚ ਅਸਫਲ ਰਹੀਆਂ।