ਜਕਾਰਤਾ: ਭਾਰਤ ਦੇ ਮੁੱਕੇਬਾਜ਼ ਅਮਿਤ ਪੰਘਾਲ ਨੇ ਏਸ਼ੀਅਨ ਖੇਡਾਂ ਦੇ 14ਵੇਂ ਦਿਨ ਪੁਰਸ਼ਾਂ ਦੇ 49 ਕਿੱਲੋਗਰਾਮ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਅਮਿਤ ਨੇ ਫਾਈਨਲ ਮੁਕਾਬਲੇ ਵਿੱਚ ਰੀਓ ਓਲੰਪਿਕ-2016 ਦੇ ਗੋਲਡ ਮੈਡਲ ਜੇਤੂ ਉਜ਼ਬੇਕਿਸਤਾਨ ਦੇ ਹਸਨਬੌਏ ਦੁਸਾਮਾਟੋਵ ਨੂੰ 3-2 ਨਾਲ ਮਾਤ ਦਿੱਤੀ।

ਏਸ਼ਿਆਡ ਵਿੱਚ ਭਾਰਤ ਦਾ ਇਹ ਕੁੱਲ 14ਵਾਂ ਗੋਲਡ ਮੈਡਲ ਹੈ। ਇਸ ਦੇ ਨਾਲ ਭਾਰਤ ਦੇ ਤਗ਼ਮਿਆਂ ਦੀ ਗਿਣਤੀ 66 ਹੋ ਗਈ ਹੈ। ਇੰਨੇ ਹੀ ਗੋਲਡ ਮੈਡਲ ਭਾਰਤ ਨੇ 2010 ਦੀਆਂ ਏਸ਼ੀਆਈ ਖੇਡਾਂ ਵਿੱਚ ਜਿੱਤੇ ਸੀ। ਇਸ ਗੋਲਡ ਨਾਲ ਏਸ਼ੀਆਈ ਖੇਡਾਂ ਵਿੱਚ ਗੋਲਡ ਜਿੱਤਣ ਦੇ ਮਾਮਲੇ ਵਿੱਚ ਭਾਰਤ ਦਾ ਦੂਜਾ ਸਭਤੋਂ ਵਧੀਆ ਪ੍ਰਦਰਸ਼ਨ ਹੈ। 1951 ਵਿੱਚ ਦਿੱਲੀ ’ਚ ਖੇਡੇ ਏਸ਼ਿਆਡ ਵਿੱਚ ਭਾਰਤ ਨੇ ਕੁੱਲ 15 ਸੋਨ ਤਗ਼ਮੇ ਆਪਣੇ ਨਾਂ ਕੀਤੇ ਸਨ।

ਅਮਿਤ ਨੇ ਸ਼ੁਰੂਆਤ ਚੰਗੀ ਕੀਤੀ। ਪਹਿਲੇ ਰਾਊਂਡ ਵਿੱਚ ਉਹ ਓਪਨ ਗਾਰਡ ਨਾਲ ਉੱਤਰਿਆ। ਉਸਦਾ ਵਿਰੋਧੀ ਵੀ ਹਮਲਾਵਰ ਸੀ ਤੇ ਇਸੇ ਕਰਕੇ ਅਮਿਤ ਨੇ ਹਸਨ ਤੋਂ ਇੱਕ ਤੈਅ ਦੂਰਾ ਬਣਾਈ ਰੱਖੀ ਜਿਸ ਕਰਕੇ ਵਿਰੋਧੀ ਦੇ ਪੰਚ ਖਾਲੀ ਗਏ। ਇੱਕ ਵਾਰ ਤਾਂ ਹਸਨ ਕਲਿੰਚ ਦੌਰਾਨ ਡਿੱਗ ਵੀ ਪਿਆ। ਕਿਤੇ ਕਿਤੇ ਅਮਿਤ ਦੇ ਪੰਚ ਵੀ ਖਾਲੀ ਗਏ।

ਦੂਜੇ ਰਾਊਂਡ ਵਿੱਚ ਅਮਿਤ ਨੇ ਲੈਫਟ ਜੈਬ ਤੇ ਰਾਈਟ ਹੁੱਕ ਨਾਲ ਚੰਗੇ ਅੰਕ ਹਾਸਲ ਕੀਤੇ। ਹਸਨ ਦਾ ਅਮਿਤ ਦੇ ਪੰਚਾਂ ਸਾਹਮਣੇ ਕੋਈ ਵੱਸ ਨਹੀਂ ਚੱਲਿਆ। ਉਹ ਪੰਚ ਮਾਰਦਾ ਰਿਹਾ ਪਰ ਖਾਲੀ ਜਾ ਰਹੇ ਸੀ। ਅੰਤ ਵਿੱਚ ਅਮਿਤ ਨੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਹਸਨ ’ਤੇ ਜਿੱਤ ਹਾਸਲ ਕੀਤੀ।