Asian Games: ਰਾਮਕੁਮਾਰ ਰਾਮਨਾਥਨ ਤੇ ਸਾਕੋਤ ਮਾਇਨੇਨੀ ਨੇ ਜਿੱਤਿਆ ਸਿਲਵਰ, ਚੀਨੀ ਤਾਇਪੇ ਖਿਲਾਫ ਟੈਨਿਸ 'ਚ ਮਿਲੀ ਹਾਰ
Asian Games 2023: ਟੈਨਿਸ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਦੀ ਭਾਰਤੀ ਜੋੜੀ ਫਾਈਨਲ ਮੈਚ ਹਾਰ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
Asian Games 2023 6th Day, India: ਰਾਮਕੁਮਾਰ ਰਾਮਨਾਥਨ ਅਤੇ ਸਾਕੇਤ ਮਾਈਨੇਨੀ ਦੀ ਭਾਰਤੀ ਜੋੜੀ ਨੇ ਟੈਨਿਸ ਦੇ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਜੋੜੀ ਨੂੰ ਫਾਈਨਲ ਵਿੱਚ ਚੀਨੀ ਤਾਈਪਾ ਖ਼ਿਲਾਫ਼ 4-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਗੋਲਡ ਤੇ ਸਿਲਵਰ ਮੈਡਲ ਮਿਲਿਆ ਹੈ। 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜੋ ਛੇਵੇਂ ਦਿਨ ਭਾਰਤ ਦਾ ਪਹਿਲਾ ਤਗ਼ਮਾ ਸੀ। ਇਸ ਤੋਂ ਬਾਅਦ ਪੁਰਸ਼ ਟੀਮ ਨੇ ਚਮਤਕਾਰ ਕਰਦੇ ਹੋਏ 50 ਮੀਟਰ 3ਪੀ 'ਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਨਾਲ ਤੁਹਾਨੂੰ ਜਾਣ ਕੇ ਵੀ ਮਾਣ ਮਹਿਸੂਸ ਹੋਵੇਗਾ ਕਿ ਭਾਰਤ ਦੇ ਇਨ੍ਹਾਂ ਤਿੰਨ ਟੈਲੇਂਟਡ ਨਿਸ਼ਾਨੇਬਾਜ਼ਾਂ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਸਵਪਨਿਲ ਕੁਸਾਲੇ ਤੇ ਅਖਿਲ ਸ਼ੇਓਰਾਨ ਨੇ ਪੁਰਾਣਾ ਵਰਲਡ ਰਿਕਾਰਡ ਵੀ ਤੋੜ ਦਿੱਤਾ ਹੈ। ਉਨ੍ਹਾਂ ਨੇ 8 ਪੁਆਇੰਟਸ ਤੋਂ ਇਹ ਮੁਕਾਬਲਾ ਜਿੱਤ ਕੇ ਪੁਰਾਣਾ ਵਰਲਡ ਰਿਕਾਰਡ ਤੋੜਿਆ ਹੈ।
ਦੂਜੇ ਪਾਸੇ, ਭਾਰਤ ਨੂੰ ਛੇਵੇਂ ਦਿਨ ਪਹਿਲਾ ਮੈਡਲ ਮਿਲਿਆ ਹੈ। ਇਹ ਮੈਡਲ ਸ਼ੂਟਿੰਗ ਤੋਂ ਆਇਆ ਹੈ। ਈਸ਼ਾ, ਪਲਕ ਅਤੇ ਦਿਵਿਆ ਦੀ ਤਿਕੜੀ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਲਈ ਚਾਂਦੀ ਦਾ ਮੈਡਲ ਜਿੱਤਿਆ ਹੈ।
ਪੀਵੀ ਸਿੰਧੂ ਨੂੰ ਮਿਲੀ ਕਰਾਰੀ ਹਾਰ
ਉੱਧਰ, ਪੀਵੀ ਸਿੰਧੂ ਨੇ ਨਿਰਾਸ਼ ਕੀਤਾ ਹੈ। ਸਿੰਧੂ ਨੂੰ ਥਾਈ ਖਿਡਾਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਿੰਧੂ ਨੇ ਪਹਿਲਾ ਗੇਮ 21-14 ਨਾਲ ਜਿੱਤਿਆ ਸੀ। ਪਰ ਇਸ ਤੋਂ ਬਾਅਦ ਸਿੰਧੂ ਅਗਲੀਆਂ ਦੋ ਗੇਮਾਂ 15-21 ਅਤੇ 14-21 ਨਾਲ ਹਾਰ ਗਈ। ਭਾਰਤ ਨੂੰ ਹੁਣ ਅਸ਼ਮਿਤਾ ਅਤੇ ਅਨੁਪਮਾ ਤੋਂ ਉਮੀਦਾਂ ਹਨ। ਪਰ ਹੁਣ ਭਾਰਤ ਲਈ ਇਹ ਚੁਣੌਤੀ ਬਹੁਤ ਔਖੀ ਲੱਗ ਰਹੀ ਹੈ।
ਕਾਬਿਲੇਗ਼ੌਰ ਹੈ ਕਿ ਚੀਨ ਵਿੱਚ ਖੇਡੀਆਂ ਜਾ ਰਹੀਆਂ ਏਸ਼ਿਆਈ ਖੇਡਾਂ ਦੇ ਪਹਿਲੇ ਪੰਜ ਦਿਨਾਂ ਵਿੱਚ ਭਾਰਤ ਤਮਗਾ ਸੂਚੀ ਵਿੱਚ ਸਿਖਰਲੇ 5 ਵਿੱਚ ਪ੍ਰਵੇਸ਼ ਕਰਨ ਵਿੱਚ ਕਾਮਯਾਬ ਹੋ ਗਿਆ ਹੈ। ਹੁਣ ਤੱਕ ਭਾਰਤ ਨੂੰ 6 ਸੋਨ, 8 ਚਾਂਦੀ ਅਤੇ 11 ਸੋਨੇ ਸਮੇਤ ਕੁੱਲ 25 ਤਗਮੇ ਮਿਲ ਚੁੱਕੇ ਹਨ। ਏਸ਼ਿਆਈ ਖੇਡਾਂ ਦੇ ਛੇਵੇਂ ਦਿਨ ਭਾਰਤ ਕੋਲ ਤਗ਼ਮਾ ਸੂਚੀ ਵਿੱਚ ਚੌਥੇ ਨੰਬਰ ’ਤੇ ਪਹੁੰਚਣ ਦਾ ਚੰਗਾ ਮੌਕਾ ਹੈ। ਹਾਲਾਂਕਿ ਮੇਜ਼ਬਾਨ ਚੀਨ ਨੰਬਰ 'ਤੇ ਬਣਿਆ ਹੋਇਆ ਹੈ। ਚੀਨ ਨੇ ਹੁਣ ਤੱਕ 90 ਸੋਨ ਤਗਮੇ ਜਿੱਤੇ ਹਨ ਅਤੇ ਕਿਸੇ ਲਈ ਵੀ ਇਸ ਨੂੰ ਪਾਰ ਕਰਨਾ ਸੰਭਵ ਨਹੀਂ ਜਾਪਦਾ।