ਪੜਚੋਲ ਕਰੋ
ਬੇਅਦਬੀ ਦੇ ਜ਼ਖਮ ਹਾਲੇ ਵੀ ਅੱਲੇ, ਕਬੱਡੀ ਫੈਡਰੇਸ਼ਨਾਂ ਦਾ ਵੱਡਾ ਐਲਾਨ

ਮੋਹਾਲੀ - 6ਵਾਂ ਵਰਲਡ ਕਬੱਡੀ ਵਰਲਡ ਕਪ 3 ਨਵੰਬਰ ਤੋਂ 18 ਨਵੰਬਰ ਤਕ ਖੇਡਿਆ ਜਾਵੇਗਾ। ਕਬੱਡੀ ਕਪ ਦਾ ਉਦਘਾਟਨ 3 ਨਵੰਬਰ ਨੂੰ ਰੂਪਨਗਰ ਵਿਖੇ ਹੋਵੇਗਾ ਅਤੇ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ 18 ਨਵੰਬਰ ਨੂੰ ਸੁਖਬੀਰ ਬਾਦਲ ਦੇ ਆਪਣੇ ਵਿਧਾਨ ਸਭਾ ਹਲਕੇ ਜਲਾਲਾਬਾਦ 'ਚ ਹੋਵੇਗਾ। ਵੀਰਵਾਰ ਤੋਂ ਰੋਪੜ ਚ ਸ਼ੁਰੂ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਲਈ ਪੰਜਾਬ ਸਰਕਾਰ ਸਰਕਾਰ ਸਮੇਤ ਪੂਰਾ ਪ੍ਰਸ਼ਾਸਕੀ ਤੰਤਰ ਪੱਬਾਂ ਭਾਰ ਹੈ, ਤਿਆਰੀਆਂ ਮੁਕੰਮਲ ਨੇ ਤੇ ਇਸ਼ਤਿਹਾਰਾਂ ਦੇ ਜ਼ਰੀਏ ਸੂਬਾ ਸਰਕਾਰ ਇਸ ਕਬੱਡੀ ਕੱਪ ਤੋਂ ਵੋਟ ਲਾਹਾ ਲੈਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਸਭ ਦੇ ਦਰਮਿਆਨ ਜੋ ਗੱਲ ਸਭ ਤੋਂ ਵੱਧ ਅਣਗੌਲੀ ਕੀਤੀ ਜਾ ਰਹੀ ਹੈ ਉਹ ਹੈ ਕਈ ਦੇਸ਼ਾਂ ਦੀਆਂ ਕਬੱਡੀ ਟੀਮਾਂ ਵੱਲੋਂ ਕਬੱਡੀ ਕੱਪ ਦਾ ਬਾਈਕਾਟ। ਕਾਰਨ ਹੈ ਪੰਜਾਬ ਚ ਲਗਾਤਾਰ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨਾ ਫੜੇ ਜਾਣ ਦਾ ਰੋਸ।

ਉਕਤ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜੀਆਂ ਟੀਮਾਂ ਤੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੱਪ ਵਿਚ ਹਿੱਸਾ ਲੈਣਗੇ ਉਸਨੂੰ ਕੈਨੇਡਾ, ਯੂਰਪ, ਅਮਰੀਕਾ ਅਤੇ ਇੰਗਲੈਂਡ ਵਿਖੇ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਦੌਰਾਨ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਾਲ ਹੀ ਉਨਾਂ ਇਹ ਵੀ ਸਾਫ ਕੀਤਾ ਜੇਕਰ ਕੈਨੇਡਾ, ਯੂਰਪ, ਅਮਰੀਕਾ ਅਤੇ ਇੰਗਲੈਂਡ 'ਚੋਂ ਕੋਈ ਹੋਰ ਵਿਅਕਤੀ ਇਨਾਂ ਮੁਲਕਾਂ ਦੇ ਨਾਮ 'ਤੇ ਟੀਮ ਬਣਾ ਕੇ ਪੰਜਾਬ ਵਿਸ਼ਵ ਕਬੱਡੀ ਕੱਪ ਵਿਚ ਲੈ ਕੇ ਗਿਆ ਤਾਂ ਉਸਦਾ ਵੀ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਸਦੇ ਕਿਸੇ ਵੀ ਖੇਡ ਮੈਦਾਨ 'ਚ ਦਾਖਲ ਹੋਣ 'ਤੇ ਪਾਬੰਦੀ ਹੋਵੇਗੀ। ਕਬੱਡੀ ਫੈਡਰੇਸ਼ਨਾਂ ਦੇ ਇਸ ਫੈਸਲੇ ਦਾ ਯੂਨਾਈਟਿਡ ਖਾਲਸਾ ਦਲ ਯੂਕੇ ਨੇ ਸੁਆਗਤ ਕੀਤਾ ਹੈ। ਪੁਰਸ਼ਾਂ ਦੀ ਕਬੱਡੀ 'ਚ ਕੁਲ 12 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ 2 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਆ ਜਾਵੇਗਾ। ਔਰਤਾਂ ਦੀ ਕਬੱਡੀ 'ਚ 8 ਦੇਸ਼ਾਂ ਦੀਆਂ ਟੀਮਾਂ ਦੇ ਦੋ ਪੂਲ ਹੋਣਗੇ ਅਤੇ ਜੇਤੂ ਮਹਿਲਾ ਟੀਮ ਨੂੰ 1 ਕਰੋੜ ਰੁਪਏ ਦਾ ਇਨਾਮ ਹਾਸਿਲ ਹੋਵੇਗਾ। ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਹੋਣ ਵਾਲੇ ਮੈਚਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟੂਰਨਾਮੈਂਟ ਦੌਰਾਨ ਰੂਪਨਗਰ, ਗੁਰਦਾਸਪੁਰ, ਡਰੋਲੀ ਭਾਈ ਮੋਗਾ, ਚੋਹਲਾ ਸਾਹਿਬ ਤਰਨਤਾਰਨ, ਦਿੜਬਾ ਸੰਗਰੂਰ, ਆਦਮਪੁਰ ਜਲੰਧਰ, ਲੁਧਿਆਣਾ, ਅਮ੍ਰਿਤਸਰ, ਬਰਨਾਲਾ, ਬੇਗੋਵਾਲ ਕਪੂਰਥਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਜਲਾਲਾਬਾਦ 'ਚ ਮੁਕਾਬਲੇ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਨਵੰਬਰ-ਦਸੰਬਰ ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ-2015 ਦਾ ਵਿਦੇਸ਼ੀ ਕਬੱਡੀ ਟੀਮਾਂ ਸਮੇਤ ਭਾਰਤੀ ਟੀਮ ਨੇ ਬੇਅਦਬੀ ਦੇ ਰੋਸ ਵਜੋਂ ਬਾਈਕਾਟ ਕੀਤਾ ਸੀ ਤੇ ਛਿੱਥੀ ਪਈ ਸਰਕਾਰ ਨੇ ਇਹ ਕਹਿੰਦਿਆਂ ਕਬੱਡੀ ਕੱਪ ਰੱਦ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਚ ਇਸ ਵਾਰ ਕਬੱਡੀ ਕੱਪ ਨਹੀਂ ਕਰਵਾਇਆ ਜਾਵੇਗਾ। ਸੋ, ਅੱਜ ਕਬੱਡੀ ਕੱਪ ਦੀ ਸ਼ੁਰੂਆਤ ਨਾਲ ਸਾਫ ਹੋ ਜਾਵੇਗਾ ਕਿ ਕਬੱਡੀ ਕੱਪ ਚ ਕਿਹੜੇ ਵਿਦੇਸ਼ੀ ਮੁਲਕਾਂ ਦੀਆਂ ਕਿੰਨੀਆਂ ਟੀਮਾਂ ਹਿੱਸਾ ਲੈਣਗੀਆਂ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















