ਨਵੀਂ ਦਿੱਲੀ - ਵਿਸ਼ਵ ਦੀ ਸਭ ਤੋਂ ਵੱਡੀ ਖੇਡ ਅਦਾਲਤ 'ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ' (CAS) ਨੇ ਮੰਗਲਵਾਰ ਨੂੰ ਰੂਸ ਦੀ ਦਿੱਗਜ ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ 'ਤੇ ਡੋਪਿੰਗ ਦੇ ਕਾਰਨ ਲੱਗੇ ਬੈਨ ਨੂੰ ਘਟ ਕਰ ਦਿੱਤਾ ਹੈ।
CAS ਨੇ ਬੈਨ ਦੇ ਖਿਲਾਫ ਸ਼ਾਰਾਪੋਵਾ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਅੰਤਰਰਾਸ਼ਟਰੀ ਟੈਨਿਸ ਸੰਘ (ITF) ਦੇ ਲਏ ਫੈਸਲੇ 'ਚ ਬਦਲਾਅ ਕੀਤਾ। CAS ਨੇ ਸ਼ਾਰਾਪੋਵਾ 'ਤੇ ਲੱਗੇ 2 ਸਾਲ ਦੇ ਬੈਨ ਨੂੰ ਘਟਾ ਕੇ 15 ਮਹੀਨੇ ਦਾ ਕਰ ਦਿੱਤਾ।
ਰੂਸ ਟੈਨਿਸ ਮਹਾਸੰਘ (RTF) ਦੇ ਪ੍ਰਧਾਨ ਸ਼ਮਿਲ ਤਾਰਪਿਸ਼ਚੇਵ ਨੇ ਕਿਹਾ ਕਿ ਸ਼ਾਰਾਪੋਵਾ ਅਗਲੇ ਸਾਲ 26 ਅਪ੍ਰੈਲ ਤਕ ਮੁੜ ਤੋਂ ਟੈਨਿਸ ਕੋਰਟ 'ਤੇ ਵਾਪਸੀ ਕਰ ਲਵੇਗੀ। CAS ਦੀ ਵੈਬਸਾਈਟ 'ਤੇ ਫੈਸਲੇ ਦੀ ਕਾਪੀ ਮੰਗਲਵਾਰ ਨੂੰ ਪਬਲਿਸ਼ ਕਰ ਦਿੱਤੀ ਗਈ ਹੈ। ਤਾਰਪਿਸ਼ਚੇਵ ਨੇ ਕਿਹਾ ਕਿ 'ਬੈਨ ਦਾ ਘਟ ਹੋ ਜਾਣਾ ਚੰਗਾ ਹੈ ਕਿਉਂਕਿ ਸ਼ਾਰਾਪੋਵਾ ਸਾਫ ਛਵੀ ਵਾਲੀ ਖਿਡਾਰਨ ਹੈ ਇਸਲਈ CAS ਨੇ ਸਾਡੀ ਅਪੀਲ ਨੂੰ ਮੰਨਿਆ।'
ਕੀ ਸੀ ਪੂਰਾ ਮਾਮਲਾ ?
ਰੂਸੀ ਖਿਡਾਰਨ 'ਤੇ ਮਾਰਚ 'ਚ ਟੈਂਪਰੇਰੀ ਬੈਨ ਲਗਾਇਆ ਗਿਆ ਸੀ। ਜਨਵਰੀ 'ਚ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਦੌਰਾਨ ਮੈਲਡੋਨੀਅਮ ਨਾਮ ਦੇ ਡਰਗ ਦੇ ਇਸਤੇਮਾਲ ਲਈ ਸ਼ਾਰਾਪੋਵਾ ਦੇ ਟੈਸਟ ਪਾਜ਼ਿਟਿਵ ਆਏ ਸਨ। ਸ਼ਾਰਾਪੋਵਾ ਦਾ ਕਹਿਣਾ ਸੀ ਕਿ ਦਿਲ ਦੀ ਬਿਮਾਰੀ ਦੇ ਇਲਾਜ ਲਈ ਵਰਤੇ ਜਾਣ ਵਾਲੇ ਇਸ ਡਰਗ ਨੂੰ ਓਹ ਸਾਲ 2006 ਤੋਂ ਹੀ ਲੈ ਰਹੀ ਸੀ। ਇਸ ਡਰਗ ਦੀ ਵਰਤੋਂ 'ਤੇ ਬੈਨ ਵੀ 1 ਜਨਵਰੀ 2016 ਤੋਂ ਹੀ ਲਗਾਇਆ ਗਿਆ ਸੀ।
5 ਗ੍ਰੈਂਡ ਸਲੈਮ ਖਿਤਾਬ ਆਪਣੇ ਨਾਮ ਕਰਨ ਵਾਲੀ ਸ਼ਾਰਾਪੋਵਾ ਨੇ ਕਿਹਾ ਸੀ ਕਿ ਉਸਦੇ ਖਿਲਾਫ ਸੁਣਾਇਆ ਗਿਆ ਫੈਸਲਾ ਗਲਤ ਹੈ ਅਤੇ ਓਹ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀ ਹੈ। ਸ਼ਾਰਾਪੋਵਾ ਨੇ ਬੈਨ ਦੀ ਖਬਰ ਮਿਲਣ ਤੋਂ ਬਾਅਦ ਕਿਹਾ ਸੀ ਕਿ ਓਹ ਇਸ ਫੈਸਲੇ ਖਿਲਾਫ ਅਪੀਲ ਕਰੇਗੀ। ਇਹ ਸਸਪੈਨਸ਼ਨ 26 ਜਨਵਰੀ 2016 ਤੋਂ ਲਾਗੂ ਕੀਤਾ ਗਿਆ ਸੀ। ਸ਼ਾਰਾਪੋਵਾ ਇਸ ਫੈਸਲੇ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (CAS) ਦੇ ਵਿਚ ਚੁਨੌਤੀ ਦਿੱਤੀ।
ਸ਼ਾਰਾਪੋਵਾ ਨੇ ਸਾਲ 2004 'ਚ 17 ਸਾਲ ਦੀ ਉਮਰ 'ਚ ਵਿੰਬੈਲਡਨ ਗ੍ਰੈਂਡ ਸਲੈਮ ਦਾ ਖਿਤਾਬ ਆਪਣੇ ਨਾਮ ਕਰ ਖਲਬਲੀ ਮਚਾ ਦਿੱਤੀ ਸੀ। ਵਿੰਬੈਲਡਨ 'ਤੇ ਕਬਜਾ ਜਮਾਉਣ ਵਾਲੀ ਓਹ ਪਹਿਲੀ ਰੂਸੀ ਖਿਡਾਰਨ ਸੀ। ਇਸਤੋਂ ਬਾਅਦ ਸਾਲ 2006 'ਚ ਸ਼ਾਰਾਪੋਵਾ ਨੇ ਯੂ.ਐਸ. ਓਪਨ ਗ੍ਰੈਂਡ ਸਲੈਮ ਜਿੱਤਿਆ। ਸਾਲ 2008 'ਚ ਸ਼ਾਰਾਪੋਵਾ ਨੇ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਜਿੱਤਿਆ। ਸਾਲ 2012 'ਚ ਫ੍ਰੈਂਚ ਓਪਨ ਜਿੱਤ ਕੇ ਸ਼ਾਰਾਪੋਵਾ ਨੇ ਆਪਣਾ ਕਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ। ਸਾਲ 2014 'ਚ ਵੀ ਸ਼ਾਰਾਪੋਵਾ ਫ੍ਰੈਂਚ ਓਪਨ ਚੈਂਪੀਅਨ ਬਣੀ।
ਖਾਸ ਗੱਲ ਇਹ ਹੈ ਕਿ ਲਗਾਤਾਰ 11 ਸਾਲ ਸ਼ਾਰਾਪੋਵਾ ਵਿਸ਼ਵ ਦੀ ਸਭ ਤੋਂ ਮਹਿੰਗੀ ਅਥਲੀਟ ਰਹੀ। ਫੋਰਬਸ ਮੈਗਜ਼ੀਨ ਦੀ ਸਭ ਤੋਂ ਮਹਿੰਗੀ ਖਿਡਾਰਨਾ ਦੀ ਲਿਸਟ 'ਚ 11 ਸਾਲ ਤਕ ਚੋਟੀ 'ਤੇ ਰਹਿਣ ਵਾਲੀ ਸ਼ਾਰਾਪੋਵਾ ਨੂੰ ਇਸੇ ਸਾਲ ਸੇਰੇਨਾ ਵਿਲੀਅਮਸ ਨੇ ਟਾਪ ਸਥਾਨ ਤੋਂ ਹਟਾਇਆ।
ਸ਼ਾਰਾਪੋਵਾ ਨੇ ਕਿਹਾ ਕਿ ਓਹ ਇਸ ਡਰਗ ਨੂੰ ਮੈਲਡੋਨੀਅਮ ਦੇ ਨਾਮ ਤੋਂ ਨਹੀ ਸਗੋਂ ਮਿਲਡਰੋਨੇਟ ਨਾਮ ਨਾਲ ਜਾਣਦੀ ਸੀ ਅਤੇ ਇਸੇ ਕਾਰਨ ਓਹ ਇਸ ਡਰਗ ਦਾ ਸੇਵਨ ਕਰਦੀ ਰਹੀ।